ਪ੍ਰਭੂ ਦਿਆਲ
ਸਿਰਸਾ, 24 ਅਕਤੂਬਰ
ਜ਼ਿਲ੍ਹੇ ਵਿੱਚ ਕਰੋਨਾ ਮਗਰੋਂ ਹੁਣ ਡੇਂਗੂ ਦਾ ਕਹਿਰ ਜਾਰੀ ਹੈ। ਹੁਣ ਤੱਕ 2429 ਥਾਵਾਂ ’ਤੇ ਡੇਂਗੂ ਵਾਲਾ ਲਾਰਵਾ ਮਿਲਿਆ ਹੈ। ਜਿਹੜੇ ਘਰਾਂ ’ਚ ਲਾਰਵਾ ਮਿਲਿਆ ਹੈ, ਪ੍ਰਸ਼ਾਸਨ ਵੱਲੋਂ ਉਨ੍ਹਾਂ ਘਰਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਪ੍ਰਭਾਵਿਤ ਖੇਤਰ ਵਿੱਚ ਫੋਗਿੰਗ ਕਰਵਾਈ ਜਾ ਰਹੀ ਹੈ। ਲੋਕਾਂ ਨੂੰ ਡੇਂਗੂ ਤੋਂ ਬਚਣ ਲਈ ਜਾਗਰੂਕ ਕਰਨ ਦੇ ਨਾਲ ਨਾਲ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਦੱਸਿਆ ਹੈ ਕਿ ਡੇਂਗੂ ਦੀ ਰੋਕਥਾਮ ਲਈ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਗੰਭੀਰਤਾ ਨਾਲ ਕਦਮ ਚੁੱਕੇ ਜਾ ਰਹੇ ਹਨ। ਘਰ ਘਰ ਜਾ ਕੇ ਸਰਵੇ ਕਰਵਾਇਆ ਜਾ ਰਿਹਾ ਹੈ। ਹੁਣ ਤੱਕ 82 ਹਜ਼ਾਰ 521 ਘਰਾਂ ਦਾ ਸਰਵੇ ਕਰਵਾਇਆ ਜਾ ਚੁੱਕਾ ਹੈ ਤੇ 2497 ਘਰਾਂ ’ਚ ਲਾਰਵਾ ਮਿਲਿਆ ਹੈ। ਘਰਾਂ ’ਚ ਲਾਰਵਾ ਮਿਲਣ ’ਤੇ ਨੋਟਿਸ ਜਾਰੀ ਕੀਤੇ ਗਏ ਹਨ। ਹਸਪਤਾਲ ’ਚ ਡੇਂਗੂ ਮਰੀਜ਼ਾਂ ਲਈ ਵੱਖਰਾ ਵਾਰਡ ਬਣਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰੀ ਖੇਤਰ ਲਈ 16 ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਹੜੀਆਂ ਘਰ ਘਰ ਜਾ ਕੇ ਸਰਵੇ ਕਰ ਰਹੀਆਂ ਹਨ। ਇਸ ਤੋਂ ਇਲਾਵਾ ਹਰ ਪਿੰਡ ਵਿੱਚ ਟੀਮ ਵੱਲੋਂ ਸਰਵੇ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਡੇਂਗੂ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਆਪਣੇ ਘਰਾਂ ਨੇੜੇ ਪਾਣੀ ਇਕੱਠਾ ਨਾ ਹੋਣ ਦੇਣ। ਉਨ੍ਹਾਂ ਨੇ ਦੱਸਿਆ ਹੈ ਕਿ ਡੇਂਗੂ ਦਾ ਟੈਸਟ ਸਰਕਾਰੀ ਹਸਪਤਾਲ ’ਚ ਮੁਫ਼ਤ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਹਸਪਤਾਲਾਂ ਲਈ ਡੇਂਗੂ ਦੇ ਟੈਸਟ ਦੀ ਫੀਸ ਛੇ ਸੌ ਰੁਪਏ ਤੈਅ ਕੀਤੀ ਹੈ।