ਦੇਵਿੰਦਰ ਸਿੰਘ
ਯਮੁਨਾਨਗਰ, 25 ਜੂਨ
ਸਿਹਤ ਨੂੰ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕਰਵਾਉਣ ਸਮੇਤ 11 ਹੋਰ ਮੰਗਾਂ ਨੂੰ ਲੈ ਕੇ ਸਰਬ ਕਰਮਚਾਰੀ ਸੰਘ ਹਰਿਆਣਾ ਅਤੇ ਜਨ ਸਿਹਤ ਅਭਿਆਨ ਹਰਿਆਣਾ ਦੀ ਸਾਂਝੀ ਪਹਿਲ ’ਤੇ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਨੇ ਜ਼ਿਲ੍ਹਾ ਸਕੱਤਰੇਤ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਵਿੱਚ ਹਿੱਸਾ ਲੈ ਰਹੇ ਨਗਰ ਪਾਲਿਕਾ, ਬਿਜਲੀ, ਰੋਡਵੇਜ਼, ਹੈਲਥ, ਪੀਡਬਲਿਊਡੀ, ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੋਡੇ ਨੇ ਕੀਤੀ ਅਤੇ ਸੰਚਾਲਨ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਨੇ ਕੀਤਾ। ਇਸ ਦੌਰਾਨ ਕਰਮਚਾਰੀ ਨੇਤਾਵਾਂ ਨੇ ਮੁੱਖ ਮੰਤਰੀ ਦੇ ਨਾਂ ’ਤੇ ਇੱਕ ਯਾਦ ਪੱਤਰ ਡਿਪਟੀ ਕਮਿਸ਼ਨਰ ਗਿਰੀਸ਼ ਅਰੋੜਾ ਨੂੰ ਦਿੱਤਾ। ਪ੍ਰਦਰਸ਼ਨਕਾਰੀ ਨੂੰ ਸੰਬੋਧਨ ਕਰਦਿਆਂ ਕਰਮਚਾਰੀ ਨੇਤਾ ਸਤੀਸ਼ ਰਾਣਾ, ਸੋਮਨਾਥ, ਵਿਨੋਦ ਤਿਆਗੀ ਅਤੇ ਵਿੱਕੀ ਪਾਰਚਾ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਇਸ ਨੂੰ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕੀਤਾ ਜਾਵੇ। ਇਸ ਤੋਂ ਇਲਾਵਾ ਬਜਟ ਦਾ ਤਿੰਨ ਫੀਸਦੀ ਤੱਕ ਵਧਾਉਣ, ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਅਨੁਸਾਰ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਿਹਤ ਵਿਭਾਗ ਨਾਲ ਜੁੜੇ ਕਰਮਚਾਰੀਆਂ ਨੂੰ ਪੱਕੇ ਕਰਨ ਤੋਂ ਇਲਾਵਾ ਆਬਾਦੀ ਦੇ ਹਿਸਾਬ ਨਾਲ ਕਰਮਚਾਰੀਆਂ ਦੀ ਗਿਣਤੀ ਵਧਾਉਣ ਲਈ ਕਾਰਗਾਰ ਕਦਮ ਚੁੱਕੇ ਜਾਣ ਦੀ ਵੀ ਮੰਗ ਕੀਤੀ । ਕਰਮਚਾਰੀ ਆਗੂਆਂ ਨੇ ਕਿਹਾ ਕਿ ਪੈਰਾ ਮੈਡੀਕਲ ਸਟਾਫ ਦੀਆਂ ਅੱਧੇ ਤੋਂ ਜ਼ਿਆਦਾ ਅਸਾਮੀਆਂ ਖਾਲੀ ਹਨ ਅਤੇ ਮਰੀਜ਼ਾਂ ਦੀ ਜਾਂਚ ਲਈ ਲੌੜੀਂਦੇ ਉਪਕਰਨਾਂ ਅਤੇ ਮਸ਼ੀਨਾਂ ਦੀ ਭਾਰੀ ਕਮੀ ਹੈ। ਉਨ੍ਹਾਂ ਨੇ ਕਿਹਾ ਕਿ ਕੱਚੇੇ ਕਰਮਚਾਰੀ ਦੀ ਸਮਾਜਕ ਸੁਰੱਖਿਆ ਦੀ ਕਮੀ ਹੋਣ ਕਰਕੇ ਉਹ ਭਾਰੀ ਦਬਾਅ ਅਤੇ ਤਣਾਅ ਵਿੱਚ ਰਹਿੰਦੇ ਹਨ, ਜਿਸ ਲਈ ਉਨ੍ਹਾਂ ਦੀਆਂ ਮੰਗਾਂ ਦਾ ਨਬਿੇੜਾ ਕਰਨਾ ਚਾਹੀਦਾ ਹੈ।