ਨਿੱਜੀ ਪੱਤਰ ਪ੍ਰੇਰਕ
ਸਿਰਸਾ, 28 ਅਪਰੈਲ
ਹਰਿਆਣਾ ਰੋਡਵੇਜ਼ ਸਾਂਝਾ ਮੋਰਚਾ ਦੇ ਸੱਦੇ ’ਤੇ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ 28-29 ਮਾਰਚ ਦੀ ਹੜਤਾਲ ਦੌਰਾਨ ਮੁਲਾਜ਼ਮਾਂ ’ਤੇ ਦਰਜ ਕੀਤੇ ਮੁਕਦਮੇ ਰੱਦ ਕਰਨ ਦੀ ਮੰਗ ਕੀਤੀ ਹੈ। ਪ੍ਰਦਰਸ਼ਨ ਮਗਰੋਂ ਰੋਡਵੇਜ਼ ਆਗੂਆਂ ਦਾ ਇਕ ਵਫ਼ਦ ਐੱਸਪੀ ਨੂੰ ਵੀ ਮਿਲਿਆ। ਮਿਨੀ ਸਕੱਤਰੇਤ ਵਿੱਚ ਐੱਸਪੀ ਨੂੰ ਮਿਲਣ ਆਏ ਰੋਡਵੇਜ਼ ਕਰਮਚਾਰੀ ਸੰਘ ਦੇ ਜ਼ਿਲ੍ਹਾ ਪ੍ਰਧਾਨ ਮਦਨ ਲਾਲ ਖੋਥ, ਸੁਰਜੀਤ ਅਰੋੜਾ, ਰਮੇਸ਼ ਸਵਾਮੀ, ਰਿਛਪਾਲ ਸਿੰਘ, ਭੂਪ ਮੰਗਾਲੀਆ, ਰਾਕੇਸ਼ ਸਟੇਨੋ ਆਦਿ ਨੇ ਦੱਸਿਆ ਕਿ ਟਰੇਡ ਯੂਨੀਅਨ ਦੇ ਸੱਦੇ ’ਤੇ ਬੀਤੀ 28-29 ਮਾਰਚ ਦੀ ਦੇਸ਼ਿਵਆਪੀ ਹੜਤਾਲ ਦੌਰਾਨ ਕੁਝ ਕਰਮਚਾਰੀਆਂ ’ਤੇ ਸਿਵਲ ਲਾਈਨ ਥਾਣਾ ਸਿਰਸਾ ਤੇ ਡੱਬਵਾਲੀ ’ਚ ਕੇਸ ਦਰਜ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ’ਚ ਬਿਨਾ ਜਾਂਚ ਪੜਤਾਲ ਦੇ ਕਾਰਵਾਈ ਕੀਤੀ ਜਾ ਰਹੇ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਝੂਠੇ ਮੁਕਦਮੇ ਰੱਦ ਨਹੀਂ ਕੀਤੇ ਗਏ ਤਾਂ ਸਰਵ ਕਰਮਚਾਰੀ ਸੰਘ ਦੇ ਬੈਨਰ ਹੇਠ ਕਰਮਚਾਰੀ ਇਕ ਮਈ ਤੋਂ ਹੜਤਾਲ ਸ਼ੁਰੂ ਕਰ ਦੇਣਗੇ।