ਆਰ.ਕੇ.ਮਿੱਤਲ
ਗੂਹਲਾ ਚੀਕਾ, 11 ਅਗਸਤ
ਹਰਿਆਣਾ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਂਵੀ ਚੀਕਾ ਦੇ ਮੁੱਖ ਗੇਟ ’ਤੇ ਪਹੁੰਚ ਕੇ ਅਕਾਲੀ ਦਲ ਅਮ੍ਰਿਤਸਰ (ਮਾਨ) ਦੇ ਜ਼ਿਲ੍ਹਾ ਪ੍ਰਧਾਨ ਖਜਾਨ ਸਿੰਘ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਪ੍ਰਧਾਨ ਬਲਜਿੰਦਰ ਕੌਰ ਦੀ ਪ੍ਰਧਾਨਗੀ ਹੇਠ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਨਰੂਲਾ ਅਤੇ ਕਮੇਟੀ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ।
ਇਸ ਦੌਰਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਐੱਚਐੱਸਜੀਪੀਸੀ ਮੈਂਬਰ ਹਰਪ੍ਰੀਤ ਸਿੰਘ ਨਰੂਲਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ, ਕਿਉਂਕਿ ਉਨ੍ਹਾਂ ਇਕ ਗੈਰ ਮਹਿਲਾ ਨਾਲ ਸਰੀਰਕ ਸਬੰਧ ਬਣਾਏ ਸਨ, ਜਿਸ ਸਬੰਧੀ 7 ਅਗਸਤ ਨੂੰ ਗੁਰਦੁਆਰਾ ਸਾਹਿਬ ਵਿੱਚ ਕਮੇਟੀ ਮੈਂਬਰਾਂ ਵੱਲੋਂ ਉਨ੍ਹਾਂ ਦੇ ਅਸ਼ਲੀਲ ਪੋਸਟਰ ਵੀ ਵੰਡ ਗਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖਜਾਨ ਸਿੰਘ ਅਤੇ ਬਲਜਿੰਦਰ ਕੌਰ ਨੇ ਕਿਹਾ ਕਿ ਜਦੋਂ ਤੱਕ ਐੱਚਐੱਸਜੀਪੀਸੀ ਨਰੂਲਾ ਦੀ ਮੈਂਬਰਸ਼ਿਪ ਰੱਦ ਨਹੀਂ ਕਰ ਦਿੰਦੀ ਉਦੋਂ ਤੱਕ ਸਿੱਖ ਜਥੇਬੰਦੀਆਂ ਇਸੇ ਤਰ੍ਹਾਂ ਹੀ ਰੋਸ ਮੁਜ਼ਾਹਰੇ ਕਰਦੀਆਂ ਰਹਿਣਗੀਆਂ ਤੇ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਤਾਂ ਹਰਿਆਣਾ ਦੀ ਸਿੱਖ ਜਥੇਬੰਦੀਆਂ ਇਸ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਲਿਜਾਇਆ ਜਾਵੇਗਾ।
ਐੱਚਐੱਸਜੀਪੀਸੀ ਮੈਂਬਰ ਹਰਪ੍ਰੀਤ ਸਿੰਘ ਨਰੂਲਾ ਨੇ ਕਿਹਾ ਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਜ਼ਿਸ਼ ਤਹਿਤ ਇਨ੍ਹਾਂ ਤਸਵੀਰਾਂ ਨੂੰ ਵਾਇਰਲ ਕੀਤਾ ਗਿਆ ਹੈ। ਉਧਰ ਉਮੀਦਵਾਰ ਜਸਵੀਰ ਸਿਘ ਖਾਲਸਾ ਨੇ ਕਿਹਾ ਕਿ ਫੋਟੋਆਂ ਵਾਲੇ ਮਾਮਲੇ ਨੂੰ ਲੈ ਕੇ ਉਹ ਦਾਦੂਵਾਲ ਖ਼ਿਲਾਫ਼ ਅਦਾਲਤ ਜਾਣਗੇ।
ਹਰਪ੍ਰੀਤ ਸਿੰਘ ਨਰੂਲਾ ਦੋਸ਼ੀ ਪਾਏ ਗਏ: ਦਾਦੂਵਾਲ
ਕਮੇਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ 9 ਅਗਸਤ ਨੂੰ ਅਸ਼ਲੀਲ ਪੋਸਟਰ ਵਾਲੇ ਵਿਵਾਦ ਨੂੰ ਲੈ ਕੇ ਹਰਪ੍ਰੀਤ ਸਿੰਘ ਨਰੂਲਾ ਦੇ ਖਿਲਾਫ ਕਾਰਵਾਈ ਕਰਨ ਲਈ ਉਨ੍ਹਾਂ ਨੂੰ ਸਿੱਖ ਜਥੇਬੰਦੀਆਂ ਮਿਲੀਆਂ ਸਨ, ਜਿਸ ਮਗਰੋਂ ਉਨ੍ਹਾਂ ਨੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਤੇ ਕਮੇਟੀ ਮੈਂਬਰਾਂ ਇਸ ਮਾਮਲੇ ਸਬੰਧੀ ਅੱਜ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਰਿਪੋਰਟ ਵਿੱਚ ਹਰਪ੍ਰੀਤ ਸਿੰਘ ਨਰੂਲਾ ਦੋਸ਼ੀ ਪਾਏ ਗਏ ਹਨ ਤੇ ਨਰੂਲਾ ਖ਼ਿਲਾਫ਼ ਕਾਰਵਾਈ ਕਰਨ ਲਈ ਚੋਣ ਅਧਿਕਾਰੀ ਨੂੰ ਲਿਖ ਦਿੱਤਾ ਗਿਆ ਹੈ।