ਦਵਿੰਦਰ ਸਿੰਘ
ਯਮੁਨਾਨਗਰ, 19 ਅਗਸਤ
ਹਰਿਆਣਾ ਸਕੂਲ ਟੀਚਰ ਸੰਘ ਦੇ ਸੱਦੇ ’ਤੇ ਅੱਜ ਰਾਜ ਭਰ ਦੀਆਂ ਅਧਿਆਪਕਾਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਸਿੱਖਿਆ ਮੰਤਰੀ ਕੰਵਰ ਪਾਲ ਗੁੱਜਰ ਦੀ ਰਿਹਾਇਸ਼ ਅੱਗੇ ਸਰਕਾਰ ਦੀ ਤਬਾਦਲਾ ਨੀਤੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ| ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਿੱਖਿਆ ਮੰਤਰੀ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਸਹੀ ਤਰੀਕੇ ਨਾਲ ਰੈਸ਼ਨੇਲਾਈਜ਼ੇਸ਼ਨ ਕਰਨ ਤੋਂ ਬਾਅਦ ਅਸਾਮੀਆਂ ਦੀ ਸੂਚੀ ਜਾਰੀ ਕਰਕੇ ਤਬਾਦਲੇ ਕੀਤਾ ਜਾਣ ਪਰ ਸਿੱਖਿਆ ਮੰਤਰੀ ਜਲਦੀ ਤੋਂ ਜਲਦੀ ਤਬਾਦਲਾ ਮੁਹਿੰਮ ਚਲਾਉਣ ‘ਤੇ ਅੜੇ ਰਹੇ। ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਹਰਿਆਣਾ ਸਕੂਲ ਅਧਿਆਪਕ ਸੰਘ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਸਿੱਖਿਆ ਲਈ ਜੇਕਰ ਕੋਈ ਵੀ ਨੀਤੀ ਬਣਾਈ ਜਾਂਦੀ ਹੈ ਤਾਂ ਉਸ ਦਾ ਕੇਂਦਰ ਬਿੰਦੂ ਵਿਦਿਆਰਥੀ ਹੋਣੇ ਚਾਹੀਦੇ ਹਨ ਅਤੇ ਦੂਜਾ ਕੇਂਦਰ ਬਿੰਦੂ ਅਧਿਆਪਕ ਹੋਣਾ ਚਾਹੀਦਾ ਹੈ। ਪਰ ਇਸ ਨੀਤੀ ਦਾ ਪਹਿਲਾ ਕੇਂਦਰ ਬਿੰਦੂ ਸਰਕਾਰ ਹੈ, ਦੂਜਾ ਅਧਿਆਪਕ ਅਤੇ ਤੀਜਾ ਅਤੇ ਆਖਰੀ ਸਥਾਨ ਵਿਦਿਆਰਥੀ ਨੂੰ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਹਰ ਸਾਲ ਰੈਸ਼ਨੇਲਾਈਜ਼ੇਸ਼ਨ ਦੇ ਨਿਯਮਾਂ ਵਿੱਚ ਬਦਲਾਅ ਕਰਕੇ ਹਜ਼ਾਰਾਂ ਅਸਾਮੀਆਂ ਖ਼ਤਮ ਕਰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਟਰਾਂਸਫਰ ਡਰਾਈਵ ਤੋਂ ਪਹਿਲਾਂ ਰੈਸ਼ਨੇਲਾਈਜੇਸ਼ਨ ਦੀ ਪ੍ਰਕਿਰਿਆ ਪੂਰੀ ਕੀਤੀ ਜਾਣੀ ਚਾਹੀਦੀ ਹੈ ਅਤੇ ਜਨਤਕ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਟ੍ਰਾਂਸਫਰ ਡਰਾਈਵ ਦੇ ਸਮੇਂ ਕੋਈ ਪ੍ਰੇਸ਼ਾਨੀ ਨਾ ਆਵੇ।
ਉਨ੍ਹਾਂ ਨੇ ਕਿਹਾ ਕਿ ਤਬਾਦਲਾ ਮੁਹਿੰਮ ਵਿੱਚ ਆ ਰਹੀਆਂ ਖਾਮੀਆਂ, ਤਰੁੱਟੀਆਂ ਅਤੇ ਨੀਤੀਗਤ ਮੁੱਦਿਆਂ ਨੂੰ ਲੈ ਕੇ ਸੂਬੇ ਭਰ ਦੇ ਅਧਿਆਪਕਾਂ ਵਿੱਚ ਭਾਰੀ ਰੋਸ ਹੈ। ਸਕੂਲ ਟੀਚਰਜ਼ ਫੈਡਰੇਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਸੀਐਨ ਭਾਰਤੀ ਨੇ ਕਿਹਾ ਸਾਰੇ ਅਧਿਆਪਕਾਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ ਤਾਂ ਕਿ ਅਧਿਆਪਕ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪਰਿਵਾਰਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਅਧਿਆਪਨ ਦੇ ਕੰਮਾਂ ਨੂੰ ਪੂਰਾ ਕਰ ਸਕਣ। ਪਰ ਹਰਿਆਣਾ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਨੀਤੀਆਂ ਵਿਦਿਆਰਥੀ ਅਤੇ ਅਧਿਆਪਕ ਵਿਰੋਧੀ ਹਨ। ੍ਯ ਇਸ ਦੌਰਾਨ ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਲਦੀ ਨਿਆਂ ਨਾ ਦਿੱਤਾ ਗਿਆ ਤਾਂ ਅਧਿਆਪਕ ਯੂਨੀਅਨ ਜਨਤਾ ਦੇ ਵਿੱਚ ਜਾਵੇਗੀ ਅਤੇ ਲੋਕਾਂ ਨੂੰ ਦੱਸੇਗੀ ਕਿ ਕਿਵੇਂ ਸਰਕਾਰ ਸਕੂਲ ਬੰਦ ਕਰਕੇ ਬੱਚਿਆਂ ਦੀ ਪੜ੍ਹਾਈ ਨਾਲ ਖਿਲਵਾੜ ਕਰ ਰਹੀ ਹੈ। ਅਧਿਆਪਕਾਂ ਦੀਆਂ ਹੋਰ ਮੰਗਾਂ ਵਿੱਚ ਅਧਿਆਪਕ-ਵਿਦਿਆਰਥੀ 1:20 ਹੋਣਾ, ਸ਼ਹਿਰ ਤੋਂ ਬਾਹਰ ਨਵੇਂ ਸਕੂਲ ਖੋਲ੍ਹਣਾ, ਅਧਿਆਪਕਾਂ ਦੀ ਪੱਕੀ ਭਰਤੀ, ਅਧਿਆਪਕਾਂ ਨੂੰ ਤਰੱਕੀਆਂ ਦੇਣਾ, ਹਾਈ ਸਕੂਲਾਂ ਵਿੱਚ ਕੰਮ ਦੇ ਬੋਝ ਮੁਤਾਬਕ ਪੀਜੀਟੀ ਦੀਆਂ ਅਸਾਮੀਆਂ ਭਰਨੀਆਂ ਮੁੱਖ ਰੂਪ ਵਿੱਚ ਸ਼ਾਮਲ ਸਨ। ਇਸ ਮੌਕੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਅਧਿਕਾਰੀ ਅਤੇ ਸੂਬੇ ਭਰ ਤੋਂ ਹਜ਼ਾਰਾਂ ਅਧਿਆਪਕ ਹਾਜ਼ਰ ਸਨ।