ਦਵਿੰਦਰ ਸਿੰਘ
ਯਮੁਨਾਨਗਰ, 4 ਮਾਰਚ
ਹਰਿਆਣਾ ਰੋਡਵੇਜ਼ ਕਰਮਚਾਰੀ ਸਾਂਝਾ ਮੋਰਚਾ ਦੇ ਸੱਦੇ ’ਤੇ ਰੋਡਵੇਜ਼ ਕਰਮਚਾਰੀਆਂ ਨੇ ਇੱਥੇ ਦੋ ਘੰਟੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੀ ਪ੍ਰਧਾਨਗੀ ਸਾਰੀਆਂ ਯੂਨੀਅਨਾਂ ਦੇ ਪ੍ਰਧਾਨਾਂ ਨੇ ਕੀਤੀ। ਇਨ੍ਹਾਂ ਵਿੱਚ ਰਾਜਿੰਦਰ ਕੰਬੋਜ, ਨੰਦ ਲਾਲ, ਮੁਕੇਸ਼ ਪੋਸਵਾਲ, ਲੀਜਾ ਰਾਮ ਤੇ ਰਾਮ ਕਰਣ ਸੈਣੀ ਸ਼ਾਮਲ ਸਨ। ਇਸ ਦੌਰਾਨ ਮੀਟਿੰਗ ਦੀ ਅਗਵਾਈ ਯੂਨੀਅਨ ਦੇ ਸਕੱਤਰ ਮਹੀਪਾਲ ਸੋਦੇ, ਸੰਜੀਵ ਸੈਣੀ, ਪ੍ਰਦੀਪ ਕੁਮਾਰ ਅਤੇ ਅਨਿਲ ਕੁਮਾਰ ਨੇ ਕੀਤੀ। ਸਮੂਹ ਮੁਲਾਜ਼ਮ ਰੈਲੀ ਦੀ ਸ਼ਕਲ ਵਿੱਚ ਬੱਸ ਸਟੈਂਡ ਪਹੁੰਚੇ ਅਤੇ ਦੋ ਘੰਟੇ ਤਕ ਨਾਅਰਬਾਜ਼ੀ ਕੀਤੀ।
ਇਸ ਦੌਰਾਨ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਡਿੱਪੂ ਪ੍ਰਬੰਧਕ ਵੱਲੋਂ 24 ਫਰਵਰੀ ਨੂੰ ਸਫ਼ਰ ਦੇ ਕਿਲੋਮੀਟਰ ਵਧਾਉਣ ਸਬੰਧੀ ਜਾਰੀ ਕੀਤੇ ਹੁਕਮ ਹੁਣ ਤੱਕ ਵਾਪਸ ਨਹੀਂ ਲਏ ਗਏ। ਆਗੂਆਂ ਨੇ ਕਿਹਾ ਕਿ 13 ਮਾਰਚ ਦੇ ਕਰਨਾਲ ਵਿੱਚ ਮੁੱਖ ਮੰਤਰੀ ਕੈਂਪ ਦਫ਼ਤਰ ਦਾ ਘਿਰਾਓ ਅਤੇ ਪ੍ਰਦਰਸ਼ਨ ਵਿੱਚ ਯਮੁਨਾਨਗਰ ਤੋਂ ਸੈਂਕੜੇ ਕਰਮਚਾਰੀ ਹਿੱਸਾ ਲੈਣਗੇ। ਇਸ ਤੋਂ ਬਾਅਦ 28-29 ਮਾਰਚ ਨੂੰ ਕੌਮੀ ਪੱਧਰ ਦੀ ਹੜਤਾਲ ਤਹਿਤ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਦੌਰਾਨ ਸਾਂਝਾ ਮੋਰਚਾ ਦੇ ਸੀਨੀਅਰ ਮੈਂਬਰ ਫੂਲ ਕੁਮਾਰ ਕੰਬੋਜ, ਮਨਿੰਦਰ ਸਿੰਘ, ਪ੍ਰਤਾਪ ਸਿੰਘ ਭਾਨਵਾਲਾ ਅਤੇ ਰਾਜਬੀਰ ਸੈਣੀ ਨੇ ਕਿਹਾ ਕਿ ਵਿਭਾਗ ਵੱਲੋਂ ਅੰਤਰਰਾਜੀ ਅਤੇ ਅੰਤਰ ਜ਼ਿਲ੍ਹਾ ਰੂਟਾਂ ’ਤੇ ਪ੍ਰਾਈਵੇਟ ਬੱਸਾਂ ਚਲਾਉਣ ਦੀ ਯੋਜਨਾ ਹੈ। ਉਨ੍ਹਾਂ ਨੇ ਕਿਲੋਮੀਟਰ ਸਕੀਮ ਅਤੇ ਵਿਭਾਗ ਦੇ ਨਿੱਜੀਕਰਨ ’ਤੇ ਰੋਕ ਲਗਾਉਣ ਅਤੇ ਵਿਭਾਗ ਵਿੱਚ 10 ਹਜ਼ਾਰ ਨਵੀਆਂ ਬੱਸਾਂ ਸ਼ਾਮਿਲ ਕਰਨ ਦੀ ਮੰਗ ਕੀਤੀ।