ਪੱਤਰ ਪ੍ਰੇਰਕ
ਏਲਨਾਬਾਦ, 31 ਅਗਸਤ
ਇਲਾਕੇ ਦੇ ਕਿਸਾਨਾਂ ਨੇ ਅੱਜ ਆਪਣੀਆਂ ਮੰਗਾਂ ਸਬੰਧੀ ਕਿਸਾਨ ਯੂਨੀਅਨ ਹਰਿਆਣਾ ਦੇ ਬੈਨਰ ਹੇਠ ਸਥਾਨਕ ਤਹਿਸੀਲ ਕੰਪਲੈਕਸ ਵਿੱਚ ਰੋਸ ਮੁਜ਼ਾਹਰਾ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮੰਗ ਪੱਤਰ ਭੇਜਿਆ। ਇਸ ਦੌਰਾਨ ਕਿਸਾਨਾਂ ਨੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਐੱਸਡੀਐੱਮ ਵੇਦ ਪ੍ਰਕਾਸ਼ ਬੈਨੀਵਾਲ ਰਾਹੀਂ ਭੇਜੇ ਮੰਗ ਪੱਤਰ ਵਿੱਚ ਕਿਸਾਨ ਆਗੂਆਂ ਸੁਰਿੰਦਰ ਸਿੱਧੂ, ਪ੍ਰਕਾਸ਼ ਮੁਮੇਰਾ, ਪ੍ਰੀਤਪਾਲ ਗਿੱਲ, ਹਰਦੀਪ ਚੋਟੀਆ, ਜਗਦੀਸ਼ ਭੁਰਟਵਾਲਾ, ਅਮਰਜੀਤ ਬਰਾੜ, ਪ੍ਰਕਾਸ਼ ਬਾਨਾ, ਸੁਰਜੀਤ ਸਿਹਾਗ, ਜਗਜੀਤ ਸਿੰਘ, ਤਾਰਾ ਚੰਦ, ਇੰਦਰਾਜ ਤੇ ਜੈ ਚੰਦ ਆਦਿ ਨੇ ਮੰਗ ਕੀਤੀ ਕਿ ਇਸ ਸਾਲ ਖਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਦੇ ਹੁਕਮ ਦਿੱਤੇ ਜਾਣ ਤੇ ਹਿਸਾਰ ਘੱਗਰ ਡਰੇਨ ਸਾਈਫ਼ਲ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇ।
ਇਸ ਤੋਂ ਇਲਾਵਾ ਲੰਪੀ ਦੀ ਰੋਕਥਾਮ ਲਈ ਟੀਕਾਕਰਨ ਦਾ ਪ੍ਰਬੰਧ ਕੀਤਾ ਜਾਵੇ, ਕਿਸਾਨਾਂ ਨੂੰ ਸੌਰ ਊਰਜਾ ਦੇ ਕੁਨੈਕਸ਼ਨ ਦਿੱਤੇ ਜਾਣ ਤੇ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੀ ਸਰਕਾਰੀ ਪ੍ਰਕਿਰਿਆ ’ਤੇ ਰੋਕ ਲਗਾਈ ਜਾਵੇ।