ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 2 ਸਤੰਬਰ
ਕਰਨਾਲ ਵਿੱਚ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਖ਼ਿਲਾਫ਼ ਸਾਬਕਾ ਮੰਤਰੀ ਅਸ਼ੋਕ ਅਰੋੜਾ ਅਤੇ ਲਾਡਵਾ ਦੇ ਵਿਧਾਇਕ ਮੇਵਾ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਤੋਂ ਆਏ ਕਾਂਗਰਸੀਆਂ ਨੇ ਪ੍ਰਦਰਸ਼ਨ ਕੀਤਾ। ਮੁਜ਼ਾਹਰਾਕਾਰੀ ਪੰਚਾਇਤ ਭਵਨ ਵਿੱਚ ਇਕੱਠੇ ਹੋਏ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮਿਨੀ ਸਕੱਤਰੇਤ ਪੁੱਜੇ ਜਿੱਥੋਂ ਸਿਟੀ ਮੈਜਿਰਸਟਰੇਟ ਰਾਹੀਂ ਰਾਜਪਾਲ ਦੇ ਨਾਂ ਮੈਮੋਰੰਡਮ ਸੌਂਪਿਆ ਗਿਆ। ਮਿਨੀ ਸਕੱਤਰੇਤ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਪਿਛਲੇ 9 ਮਹੀਨੇ ਤੋਂ ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੰਦੋਲਨ ਕਰ ਰਿਹਾ ਹੈ ਜੋ ਵਿਸ਼ਵ ਦਾ ਸਭ ਤੋਂ ਵੱਡਾਂ ਸ਼ਾਂਤਮਈ ਅੰਦੋਲਨ ਹੈ ਪਰ ਸੂਬੇ ਦੀ ਭਾਜਪਾ ਜਜਪਾ ਗੱਠਜੋੜ ਸਰਕਾਰ ਕਿਸਾਨਾਂ ਤੇ ਲਾਠੀਆਂ ਚਲਾ ਕੇ ਉਨਾਂ ਨੂੰ ਉਕਸਾਉਣ ਦਾ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕਰਨਾਲ ਕਾਂਡ ਦੀ ਨਿਆਂਇਕ ਜਾਂਚ ਕਰਵਾਈ ਜਾਵੇ ਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕੀਤੇ ਜਾਣ। ਸ੍ਰੀ ਅਰੋੜਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵਿੱਚ 70 ਪ੍ਰਤੀਸ਼ਤ ਕਿਸਾਨਾਂ ਦੀ ਸਹਿਮਤੀ ਤੋਂ ਬਾਅਦ ਹੀ ਉਨ੍ਹਾਂ ਦੀ ਜ਼ਮੀਨ ਦਾ ਐਕੁਆਇਰ ਕਰ ਸਕਦਾ ਸੀ ਪਰ ਹੁਣ ਇਹ ਅਧਿਕਾਰ ਜ਼ਿਲ੍ਹਾ ਮੈਜਿਸਟਰੇਟ ਨੂੰ ਦੇ ਦਿੱਤਾ ਗਿਆ ਹੈ। ਪਰਿਵਾਰ ਪਛਾਣ ਪੱਤਰ ਬਣਾਉਣ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਵਿਅਕਤੀ ਦੀ ਨਿੱਜਤਾ ਭੰਗ ਹੋਵੇਗੀ ਜੋ ਕਿ ਮੌਲਿਕ ਅਧਿਕਾਰਾਂ ਦਾ ਉਲੰਘਣਾ ਹੈ। ਉਨ੍ਹਾਂ ਇਹ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।
ਕਿਸਾਨਾਂ ’ਤੇ ਲਾਠੀਚਾਰਜ ਬੇਹੱੱਦ ਸ਼ਰਮਨਾਕ: ਰੇਣੂ ਬਾਲਾ
ਯਮੁਨਾਨਗਰ: ਕਰਨਾਲ ਵਿੱਚ ਕਿਸਾਨਾਂ ’ਤੇ ਬੇਰਹਿਮੀ ਨਾਲ ਕੀਤੇ ਲਾਠੀਚਾਰਜ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਨੇ ਮਿਨੀ ਸਕੱਤਰੇਤ ਦੇ ਸਾਹਮਣੇ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਨੇ ‘ਅੰਨਦਾਤਾ ਦਾ ਅਪਮਾਨ, ਨਹੀਂ ਸਹੇਗਾ, ਹਿੰਦੁਸਤਾਨ ਅਤੇ ਖੱਟਰ ਦੁਸ਼ਯੰਤ ਸ਼ਰਮ ਕਰੋ, ਅੰਨਦਾਤਾ ਤੇ ਅੱਤਿਆਚਾਰ ਬੰਦ ਕਰੋ ਦੇ ਨਾਅਰੇ ਲਾਏ ਅਤੇ ਡੀਸੀ ਰਾਹੀਂ ਰਾਜਪਾਲ ਦੇ ਨਾਂ ਤੇ ਇੱਕ ਯਾਦ ਪੱਤਰ ਵੀ ਭੇਜਿਆ। ਸਢੌਰਾ ਤੋਂ ਵਿਧਾਇਕ ਰੇਣੂ ਬਾਲਾ, ਸਾਬਕਾ ਮੰਤਰੀ ਅਕਰਮ ਖਾਨ ਅਤੇ ਜ਼ਿਲ੍ਹਾ ਕੋਆਰਡੀਨੇਟਰ ਸ਼ਿਆਮ ਸੁੰਦਰ ਬਤੱਰਾ ਨੇ ਕਿਹਾ ਕਿ ਜਨਤਾ ਨਾਲ ਝੂਠੇ ਵਾਅਦੇ ਕਰਕੇ ਸੱਤਾ ਦੇ ਕਾਬਿਜ਼ ਹੋਈ ਭਾਜਪਾ ਸਰਕਾਰ ਲਗਾਤਾਰ ਜਨ ਵਿਰੋਧੀ ਫੈਸਲੇ ਲੈ ਰਹੀ ਹੈ। ਉਨ੍ਹਾਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਤੋਂ ਇਲਾਵਾ ਜ਼ਖਮੀ ਕਿਸਾਨਾਂ ਨੂੰ 2 ਲੱਖ ਰੁਪੇ ਅਤੇ ਉਨ੍ਹਾਂ ਦਾ ਮੁਫਤ ਇਲਾਜ ਕੀਤੇ ਜਾਣ ਦੀ ਮੰਗ ਵੀ ਕੀਤੀ। -ਪੱਤਰ ਪ੍ਰੇਰਕ