ਜੀਂਦ (ਪੱਤਰ ਪ੍ਰੇਰਕ): ਆਂਗਨਵਾੜੀ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ ਦੇ ਕਾਮਿਆਂ ਨੇ ਆਪਣੀਆਂ ਮੰਗਾਂ ਸਬੰਧੀ ਇੱਥੇ ਧਰਨਾ ਜਾਰੀ ਰੱਖਿਆ ਅਤੇ ਬੱਸ ਅੱਡੇ ਤੋਂ ਲਘੁ-ਸਕੱਤਰੇਤ ਤੱਕ ਥਾਲੀਆਂ ਵਜਾ ਕੇ ਆਪਣਾ ਰੋਸ ਪ੍ਰਗਟ ਕੀਤਾ। ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਰਾਜ ਬਾਲਾ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਆਂਗਨਵਾੜੀ ਕੇਂਦਰਾਂ ਨੂੰ ਪਲੇਅ-ਵੇ ਸਕੂਲਾਂ ਦੇ ਨਾਂ ਉੱਤੇ ਇੱਕ ਪ੍ਰਾਈਵੇਟ ਐੱਨਜੀਓ ਨੂੰ ਸੌਂਪਣ ਦੀ ਤਿਆਰੀ ਕਰ ਰਹੀ ਹੈ। ਯੂਨੀਅਨ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ ਕਿ ਐੱਨਜੀਓ ਨੂੰ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਯੂਨੀਅਨ ਦੇ ਮੈਂਬਰ ਨਹੀਂ ਦੇਣਗੇਂ। ਉਨ੍ਹਾਂ ਨੇ ਕਿਹਾ ਕਿ ਆਂਗਨਵਾੜੀ ਕੇਂਦਰਾਂ ਵਿੱਚ ਸਰਕਾਰ ਦੇ ਇਸ ਜਨ ਵਿਰੋਧੀ ਕਦਮ ਦੇ ਖ਼ਿਲਾਫ਼ ਤਾਲੇ ਲਗਾ ਦਿੱਤੇ ਗਏ ਹਨ ਅਤੇ ਇਹ ਤਾਲੇ ਉਦੋਂ ਖੁਲ੍ਹਣਗੇ, ਜਦੋਂ ਹਰਿਆਣਾ ਸਰਕਾਰ ਅਤੇ ਮਹਿਲਾ ਅਤੇ ਬਾਲ ਵਿਭਾਗ ਦੀ ਮੰਤਰੀ ਅੰਦੋਲਨਕਾਰੀ ਆਂਗਨਵਾੜੀ ਵਰਕਰਸ ਦਾ ਦਮਨ ਬੰਦ ਕਰ ਕੇ ਉਨ੍ਹਾਂ ਦੀ ਮੰਗਾਂ ਦਾ ਹੱਲ ਕਰੇਗੀ। ਇਸ ਮੌਕੇ ਦਇਆਵੰਤੀ, ਨੀਲਮ, ਮੀਨੂ, ਉਰਮਿਲਾ, ਵਿਦਿਆ, ਸੁਦੇਸ਼, ਸਵਿਤਾ, ਨਿਰਮਲਾ, ਓਮਪਤੀ, ਸੁਨੀਤਾ, ਰਮਾ ਅਤੇ ਕਮਲਾ ਆਦਿ ਹਾਜ਼ਰ ਸਨ।