ਪੱਤਰ ਪ੍ਰੇਰਕ
ਫਰੀਦਾਬਾਦ, 25 ਸਤੰਬਰ
ਜ਼ਿਲ੍ਹਾ ਨਗਰ ਨਿਗਮ ਦੇ ਯੋਜਨਾਕਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਇਨਫੋਰਸਮੈਂਟ ਐਂਡ ਵਿਜੀਲੈਂਸ, ਫਰੀਦਾਬਾਦ ਵੱਲੋਂ ਖੰਡਾਂਵਾਲੀ ਤੇ ਭਣਕਪੁਰ ਵਿੱਚ ਕਰੀਬ 8 ਏਕੜ ਰਕਬੇ ਵਿੱਚ ਵਿਕਸਤ ਕੀਤੀਆਂ 3 ਨਾਜਾਇਜ਼ ਕਾਲੋਨੀਆਂ ਨੂੰ ਢਾਹਿਆ ਗਿਆ। ਨਾਜਾਇਜ਼ ਕਲੋਨੀਆਂ ਵਿੱਚ ਸੜਕ ਤੋਂ ਇਲਾਵਾ 8 ਰਿਹਾਇਸ਼ੀ ਉਸਾਰੀਆਂ, 1 ਡੀਲਰ ਦਫ਼ਤਰ, 4 ਦੁਕਾਨਾਂ ਤੇ 30 ਡੀਪੀਸੀ ਦੀ ਤੋੜ-ਫੋੜ ਕੀਤੀ ਗਈ। ਗੈਰਕਾਨੂੰਨੀ ਕਲੋਨੀ ਰਾਮ ਸਿੰਘ ਪ੍ਰਾਪਰਟੀ ਡੀਲਰ, ਏਏਐੱਸ ਮੁਹੰਮਦ ਪ੍ਰਾਪਰਟੀ ਡੀਲਰ ਤੇ ਸ਼ਾਹਿਦ ਖ਼ਾਨ ਪ੍ਰਾਪਰਟੀ ਡੀਲਰ ਵੱਲੋਂ ਵਿਕਸਤ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਰੁੱਧ ਵਿਭਾਗ ਵੱਲੋਂ ਪਹਿਲਾਂ ਹੀ ਐੱਫਆਈਆਰ ਦਰਜ ਕੀਤੀ ਜਾ ਚੁੱਕੀ ਹੈ ਤੇ ਤਿੰਨ ਪ੍ਰਾਪਰਟੀ ਡੀਲਰ ਜ਼ਮਾਨਤ ’ਤੇ ਬਾਹਰ ਹਨ। ਇਹ ਪ੍ਰਾਪਰਟੀ ਡੀਲਰ ਨਾਜਾਇਜ਼ ਕਲੋਨੀ ਕੱਟ ਕੇ ਇਸ ਵਿੱਚ ਪਲਾਟ ਵੇਚਦੇ ਹਨ। ਵਿਭਾਗ ਅੱਜ ਕੱਲ ਭੂ-ਮਾਫੀਆ ਖਿਲਾਫ ਮੁਹਿੰਮ ਚਲਾ ਰਿਹਾ ਹੈ। ਇਹ ਕਾਰਵਾਈ ਸ਼ਹਿਰੀ ਖੇਤਰਾਂ ਦੇ ਕਾਨੂੰਨ ਤਹਿਤ ਕੀਤੀ ਗਈ ਹੈ। ਢਾਹੁਣ ਦੀ ਕਾਰਵਾਈ ਦੌਰਾਨ ਭੀਮ ਸਿੰਘ, ਚੌਕੀ ਇੰਚਾਰਜ ਸਿਕੁਰੌਣਾ ਤੇ ਪੁਲੀਸ ਫੋਰਸ ਮੌਜੂਦ ਸੀ।