ਸ਼ਾਹਬਾਦ ਮਾਰਕੰਡਾ: ਜ਼ਿਲ੍ਹਾ ਯੋਜਨਾਕਾਰ ਅਧਿਕਾਰੀ ਸਤੀਸ਼ ਪੂਨੀਆ ਦੀ ਅਗਵਾਈ ਵਿਚ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿਚ ਪ੍ਰਸ਼ਾਸਨ ਨੇ ਸ਼ਾਹਬਾਦ ਜੀ ਟੀ ਰੋਡ ’ਤੇ ਪਿੰਡ ਮੋਹੜੀ ਕੋਲ ਕੰਟਰੋਲਡ ਏਰੀਆ ਸ਼ਾਹਬਾਦ ਵਿੱਚ ਤਿੰਨ ਢਾਬਿਆਂ ਖ਼ਿਲਾਫ਼ ਕਾਰਵਾਈ ਕੀਤੀ। ਪੂਨੀਆ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਉਨਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਸ ਰੋਡ ’ਤੇ ਢਾਬੇ ਨਾਜਾਇਜ਼ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਨਾਂ ਨਾਜਾਇਜ਼ ਉਸਾਰੀਆਂ ’ਤੇ ਕਾਰਵਾਈ ਕਰਨ ਲਈ ਜ਼ਿਲ੍ਹਾ ਯੋਜਨਾਕਾਰ ਦੀ ਟੀਮ ਨੇ ਪੁਲੀਸ ਦੀ ਮਦਦ ਨਾਲ ਇਨ੍ਹਾਂ ਨੂੰ ਢਾਹਿਆ। ਪੂਨੀਆ ਨੇ ਦੱਸਿਆ ਕਿ ਇਹ ਮੁਹਿੰਮ ਜਾਰੀ ਰਹੇਗੀ ਤੇ ਛੇਤੀ ਹੀ ਸ਼ਾਹਬਾਦ ਵਿੱਚ ਗ਼ੈਰ-ਕਾਨੂੰਨੀ ਉਸਾਰੀਆਂ ਢਾਹੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਉਸਾਰੀ ਨਾ ਕਰਨ ਦੇ ਨੋਟਿਸ ਦਿੱਤੇ ਗਏ ਹਨ।
-ਪੱਤਰ ਪ੍ਰੇਰਕ