ਗੁਰਦੀਪ ਸਿੰਘ ਭੱਟੀ
ਟੋਹਾਣਾ, 4 ਅਪਰੈਲ
ਅੱਜ ਇੱਥੇ ‘ਹਰਿਆਣਾ ਪ੍ਰਦੇਸ਼ ਵਪਾਰ ਮੰਡਰ’ ਦੀ ਮੀਟਿੰਗ ਹੋਈ। ਇਸ ਵਿਚ ਫਤਿਹਾਬਾਦ ਹਲਕੇ ਦੇ ਸਮੂਹ ਵਪਾਰੀ ਪੁੱਜੇ ਹੋਏ ਸਨ। ਇਸ ਮੌਕੇ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ 75 ਫ਼ੀਸਦੀ ਸੂਬਾਈ ਉਦਯੋਗਾਂ ਵਿੱਚ ਨੌਕਰੀਆਂ ਦੇਣ ਦੇ ਮਤੇ ਨੂੰ ਵਪਾਰੀਆਂ ਨੇ ਕੋਰਾ ਝੂਠ ਕਰਾਰ ਦਿੱਤਾ। ਉਨ੍ਹਾਂ ਨੇ ਇਸ ਬਾਰੇ ਪਿਛਲੇ 7 ਸਾਲ ਦੀ ਕਾਰਗੁਜ਼ਾਰੀ ਦੇ ਲੇਖੇ-ਜੋਖੇ ’ਤੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਸੂਬੇ ਵਿਚੋਂ ਕਰੀਬ 30 ਫ਼ੀਸਦੀ ਉਦਯੋਗ ਪਲਾਇਨ ਕਰ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਰੁਜ਼ਗਾਰ ਬਾਰੇ ਝੂਠੇ ਬਿਆਨ ਦੇਣੇ ਬੰਦ ਕਰੇ। ਇਸ ਦੌਰਾਨ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਵਾਪਸ ਲੈ ਕੇ ਦੇਸ਼ ਵਿੱਚ ਸ਼ਾਂਤੀ ਦਾ ਮਾਹੌਲ ਬਣਾਉਣ ਦੀ ਮੰਗ ਉਭਰ ਕੇ ਸਾਹਮਣੇ ਆਈ।
ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਬਜਰੰਗ ਦਾਸ ਗਰਗ ਦੇ ਕਿਹਾ ਕਿ ਕਿਸਾਨਾਂ ’ਤੇ ਮੁੱਖ ਮੰਤਰੀ ਦਾ ਹੈਲੀਕਾਪਟਰ ਨਾ ਉਤਰਨ ਦੇਣ ’ਤੇ ਪੁਲੀਸ ਵੱਲੋਂ ਕੀਤਾ ਗਿਆ ਤਸ਼ੱਦਦ ਨਿੰਦਣਯੋਗ ਹੈ। ਵਪਾਰੀਆਂ ਨੇ ਬਿਜਲੀ ਸੋਧ ਬਿੱਲ ਨੂੰ ਮਾਰੂ ਕਰਾਰ ਦਿੱਤਾ। ਉਨ੍ਹਾਂ ਨੇ ਕੋਵਿਡ ਕਾਰਨ ਲੱਗੇ ਲੌਕਾਡਾਊਨ, ਮੰਦੀ ਦੀ ਮਾਰ, ਉਧਾਰ ਦੀ ਵਸੂਲੀ ਰੁਕਣ, ਭ੍ਰਿਸ਼ਟਾਚਾਰ ਵਿੱਚ ਵਾਧਾ, ਵਪਾਰੀਆਂ ਦੀ ਦਿਨ-ਦਿਹਾੜੇ ਲੁੱਟ, ਨਸ਼ਾਖੋਰੀ ’ਚ ਵਾਧਾ, ਚੋਰੀਆਂ, ਚੰਦੇ ਦੇ ਨਾਂ ’ਤੇ ਉਗਰਾਹੀ ਵਰਗੇ ਦੁੱਖੜੇ ਸੁਣਾਏ। ਸ੍ਰੀ ਗਰਗ ਨੇ ਸਰਕਾਰ ਆਪਣੀ ਅਸਫ਼ਲਤਾ ਲੁਕਾਉਣ ਅਤੇ ਜਾਇਜ਼ ਮੰਗਾਂ ’ਤੇ ਲਾਠੀਚਾਰਜ ਕਰ ਕੇ ਲੋਕਾਂ ਵਿਚ ਸਹਿਮ ਪੈਦਾ ਕਰਨਾ ਚਾਹੁੰਦੀ ਹੈ। ਵਪਾਰੀਆਂ ਨੇ ਕਿਹਾ ਕਿ ਉਹ ਆਪਣੀਆਂ ਮਜਬੂਰੀਆਂ ਕਾਰਨ ਚੁੱਪ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਛੇ ਵਾਰ ਮੰਡੀ ਬੰਦ ਕਰ ਕੇ ਕਿਸਾਨਾਂ ਦਾ ਸਾਥ ਦਿੱਤਾ। ਅੱਜ ਵੀ ਅੰਦਰਖਾਤੇ ਉਹ ਕਿਸਾਨਾਂ ਦੇ ਹਮਦਰਦ ਹਨ। ਆੜਤੀਆਂ ਨੇ ਕਿਹਾ ਕਿ 2019 ਵਿੱਚ ਝੋਨੇ ਦੀ ਖ਼ਰੀਦ ਦੇ 50 ਕਰੋੜ ਸਰਕਾਰ ਨੇ ਅਜੇ ਤਕ ਨਹੀਂ ਦਿੱਤੇ ਜਦੋਂਕਿ ਕਣਕ ਦੀ ਖ਼ਰੀਦ ’ਤੇ ਮੁੱਲ ਦੀ ਦੇਰੀ ਤੇ ਵਿਆਜ ਦੇਣ ਦਾ ਭਰਮ ਫੈਲਾਇਆ ਜਾ ਰਿਹਾ ਹੈ।
ਸ੍ਰੀ ਗਰਗ ਨੇ ਕਿਹਾ ਕਿ ਲੋਕਤੰਤਰ ਜ਼ਿੱਦ ਜਾਂ ਧੱਕੇਸ਼ਾਹੀ ਨਾਲ ਨਹੀਂ ਚਲਦਾ ਬਲਕਿ ਸਭ ਦੇ ਸਹਿਯੋਗ ਨਾਲ ਚਲਦਾ ਹੈ। ਉਨ੍ਹਾਂ ਨੇ ਖੇਤੀ ਕਾਨੂੰਨ ਰੱਦ ਕਰ ਕੇ ਮਾਹੌਲ ਸ਼ਾਤ ਕਰਨ ’ਤੇ ਜ਼ੋਰ ਦਿੱਤਾ। ਮੀਟਿੰਗ ਦੇ ਆਖ਼ੀਰ ਵਿਚ ਵਪਾਰੀਆਂ ਨੇ ਇਕ ਮੱਤ ਹੁੰਦਿਆਂ ਕਿਹਾ ਕਿ ਸਰਕਾਰ ਕਿਸਾਨ ਅੰਦੋਲਨ ਦਾ ਗੁੱਸਾ ਬਿਜਲੀ ਸੋਧ ਬਿਲ ਰਾਹੀਂ ਵਾਪਰੀਆਂ ’ਤੇ ਪਾਬੰਦੀਆਂ ਲਾ ਕੇ ਕੱਢ ਰਹੀ ਹੈ।