ਪੱਤਰ ਪ੍ਰੇਰਕ
ਰਤੀਆ, 9 ਸਤੰਬਰ
ਨਰਮੇ ਦੀ ਫਸਲ ਦੇ ਸਾਲ ਦਰ ਸਾਲ ਘੱਟ ਰਹੇ ਉਤਪਾਦਨ ਕਾਰਨ ਨਰਮਾ ਉਤਪਾਦਕ ਕਿਸਾਨਾਂ ਨੂੰ ਕਾਫ਼ੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਨਰਮੇ ਨੂੰ ਪ੍ਰਫੁੱਲਿਤ ਕਰਨ ਅਤੇ ਨਰਮਾ ਉਤਪਾਦਕ ਕਿਸਾਨਾਂ ਨੂੰ ਰਾਹਤ ਦੇਣ ਲਈ ਨਰਮੇ ਦਾ ਭਾਅ 20 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਕੀਤਾ ਜਾਣਾ ਚਾਹੀਦਾ ਹੈ।
ਕਿਸਾਨ ਰਾਮ ਸਿੰਘ, ਨਾਜਰ ਸਿੰਘ, ਖੁਸ਼ਹਾਲ ਚੰਦ, ਸੁਰਜੀਤ ਸਿੰਘ, ਮਿੱਠੂ ਸਿੰਘ ਆਦਿ ਨੇ ਕਿਹਾ ਕਿ ਇਕ ਪਾਸੇ ਸਰਕਾਰ ਕਿਸਾਨਾਂ ਨੂੰ ਘੱਟ ਪਾਣੀ ਵਾਲੀ ਫਸਲ ਲਗਾਉਣ ਦੀ ਅਪੀਲ ਕਰਦੀ ਹੈ ਤਾਂ ਦੂਸਰੇ ਪਾਸੇ ਘੱਟ ਪਾਣੀ ਨਾਲ ਤਿਆਰ ਹੋਣ ਵਾਲੀ ਨਰਮੇ ਦੀ ਫਸਲ ਦਾ ਭਾਅ ਪੂਰਾ ਨਹੀਂ ਦਿੱਤਾ ਜਾਂਦਾ। ਘੱਟ ਭਾਅ ਅਤੇ ਘੱਟ ਉਤਪਾਦਨ ਕਰ ਕੇ ਕਿਸਾਨਾਂ ਦਾ ਰੁਝਾਨ ਲਗਾਤਾਰ ਨਰਮੇ ਦੀ ਫਸਲ ਪ੍ਰਤੀ ਘੱਟ ਹੋ ਰਿਹਾ ਹੈ। ਕਿਸਾਨਾਂ ਨੇ ਨਰਮੇ ਦੀ ਫਸਲ ਦੀ 20 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇਣ ਦੀ ਮੰਗ ਕੀਤੀ।