ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 29 ਮਈ
ਹਰਿਆਣਾ ਦੇ ਕਰੋਨਾ ਯੋਧੇ ਰੁਜ਼ਗਾਰ ਬਹਾਲੀ ਦੀ ਮੰਗ ਨੂੰ ਲੈ ਕੇ ਅੰਬਾਲਾ ਕੈਂਟ ਵਿੱਚ ਲਾਮਬੰਦ ਹੋਏ ਅਤੇ ਸਰਵ ਕਰਮਚਾਰੀ ਸੰਘ ਦੀ ਅਗਵਾਈ ਵਿਚ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਿਹਤ ਮੰਤਰੀ ਅਨਿਲ ਵਿੱਜ ਵੱਲੋਂ ਜਾਰੀ ਹੁਕਮ ਲਾਗੂ ਕੀਤੇ ਜਾਣ। ਕਰੋਨਾ ਯੋਧੇ ਸਥਾਨਕ ਬੱਸ ਸਟੈਂਡ ’ਚ ਧਰਨੇ ’ਤੇ ਬੈਠੇ ਅਤੇ ਰੁਜ਼ਗਾਰ ਬਹਾਲ ਨਾ ਕੀਤੇ ਜਾਣ ਦੀ ਸੂਰਤ ਵਿਚ ਸੜਕਾਂ ’ਤੇ ਉਤਰਨ ਦਾ ਐਲਾਨ ਕੀਤਾ। ਉਨ੍ਹਾਂ ਦੀ ਯੋਜਨਾ ਬੱਸ ਸਟੈਂਡ ਤੋਂ ਅਨਿਲ ਵਿੱਜ ਦੇ ਨਿਵਾਸ ਤੱਕ ਰੋਸ ਮਾਰਚ ਕੱਢਣ ਦੀ ਸੀ ਪਰ ਧਰਨਾ ਸਥਾਨ ’ਤੇ ਪਹੁੰਚੀ ਪੁਲੀਸ ਨੇ ਕਰੋਨਾ ਯੋਧਿਆਂ ਦੇ ਵਫ਼ਦ ਨੂੰ ਸਿਹਤ ਮੰਤਰੀ ਨਾਲ ਮਿਲਾਉਣ ਦਾ ਭਰੋਸਾ ਦੇ ਕੇ ਰੋਸ ਮਾਰਚ ਰੁਕਵਾ ਦਿੱਤਾ ਅਤੇ ਵਫ਼ਦ ਨੂੰ ਆਪਣੀ ਗੱਡੀ ਵਿਚ ਬਿਠਾ ਕੇ ਸਿਹਤ ਮੰਤਰੀ ਨਾਲ ਮਿਲਾਉਣ ਲਈ ਲੈ ਕੇ ਚਲੀ ਗਈ। ਕਰੋਨਾ ਯੋਧਿਆਂ ਨੇ ਕਿਹਾ ਕਿ ਸਿਹਤ ਵਿਭਾਗ ਨੇ 2,712 ਕਰਮਚਾਰੀਆਂ ਨੂੰ ਹਟਾ ਦਿੱਤਾ, ਇਸ ਸਬੰਧੀ ਉਨ੍ਹਾਂ ਨੇ 7 ਅਪਰੈਲ ਨੂੰ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਸੀ, ਜਿਸ ਤੋਂ ਬਾਅਦ ਸਿਹਤ ਮੰਤਰੀ ਅਨਿਲ ਵਿੱਜ ਨੇ ਉਨ੍ਹਾਂ ਦਾ ਰੁਜ਼ਗਾਰ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਵਿਭਾਗ ਨੇ ਉਨ੍ਹਾਂ ਹੁਕਮਾਂ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ।