ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 17 ਸਤੰਬਰ
ਇੱਥੋਂ ਦੇ ਕਿਸਾਨਾਂ ਨੇ ਅੱਜ ਸ਼ਾਹਬਾਦ ਸ਼ੂਗਰ ਮਿੱਲ ਦੇ ਗੇਟ ਤੇ ਸ਼ੂਗਰ ਫੈਡ ਹਰਿਆਣਾ ਵੱਲੋਂ ਸ਼ੂਗਰ ਮਿੱਲ ਸ਼ਹਿਜਾਦਪੁਰ ਦਾ ਗੰਨਾ ਸ਼ਾਹਬਾਦ ਵਿਚ ਲਿਆਉਣ ਦੇ ਰੋਸ ਵਜੋਂ ਕਿਸਾਨ ਪੰਚਾਇਤ ਕੀਤੀ ਤੇ ਐੱਮਡੀ ਨੂੰ ਮੈਮੋਰੰਡਮ ਸੌਂਪਿਆ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਬੈਂਸ ਨੇ ਦੱਸਿਆ ਕਿ ਕੇਨ ਕਮਿਸ਼ਨਰ ਪੰਚਕੂਲਾ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਵਾਰ ਨਰਾਇਣਗੜ੍ਹ ਸ਼ੂਗਰ ਮਿੱਲ ਕਿਸੇ ਵਜ੍ਹਾ ਕਰਕੇ ਨਹੀਂ ਚਲ ਸਕਦੀ ਤੇ ਇਸ ਮਿੱਲ ਦਾ ਸਾਰਾ ਗੰਨਾ ਸ਼ਾਹਬਾਦ ਸ਼ੂਗਰ ਮਿੱਲ, ਪਿਕਾਡਲੀ ਸ਼ੂਗਰ ਮਿੱਲ ਭਾਦਸੋਂ ਤੇ ਸਰਸਵਤੀ ਸ਼ੂਗਰ ਮਿੱਲ ਯਮੁਨਾਨਗਰ ਵਿਚ ਭੇਜਣ ਲਈ ਕਿਹਾ ਗਿਆ ਹੈ। ਕਿਸਾਨਾਂ ਨੇ ਮੈਮੋਰੰਡਮ ਰਾਹੀਂ ਮੰਗ ਕੀਤੀ ਕਿ ਨਰਾਇਣਗੜ੍ਹ ਸ਼ੂਗਰ ਮਿੱਲ ਨੂੰ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇ ਮਾਲਕ ਇਸ ਨੂੰ ਨਹੀਂ ਚਲਾਉਂਦੇ ਤਾਂ ਸਰਕਾਰ ਆਪਣੇ ਅਧਿਕਾਰ ਖੇਤਰ ਵਿਚ ਲੈ ਕੇ ਇਸ ਮਿੱਲ ਨੂੰ ਚਲਾਵੇ। ਸ਼ਾਹਬਾਦ ਸ਼ੂਗਰ ਮਿੱਲ ਖੇਤਰ ਦੇ ਕਿਸਾਨਾਂ ਨੇ ਕਿਹਾ ਹੈ ਕਿ ਉਹ ਕਿਸੇ ਵੀ ਸੂਰਤ ਵਿਚ ਬਾਹਰੀ ਗੰਨਾ ਆਪਣੀ ਮਿੱਲ ਵਿਚ ਨਹੀਂ ਆਉਣ ਦੇਣਗੇ।