ਪੱਤਰ ਪ੍ਰੇਰਕ
ਫਰੀਦਾਬਾਦ, 22 ਮਈ
‘ਆਪ’ ਵੱਲੋਂ ਅੱਜ ਇੱਥੇ ਮੰਗ ਕੀਤੀ ਗਈ ਹੈ ਕਿ ਹਰਿਆਣਾ ਸਰਕਾਰ ਕਰੋਨਾ ਯੋਧਿਆਂ ਤੇ ਕਰੋਨਾ ਖ਼ਿਲਾਫ਼ ਆਪਣੀ ਜਾਨ ਜੋਖ਼ਮ ਵਿੱਚ ਪਾਉਣ ਵਾਲਿਆਂ ਨੂੰ ਇਸ ਖ਼ਤਰਨਾਕ ਵਾਇਰਸ ਤੋਂ ਬਚਾਓ ਲਈ ਲੋੜੀਂਦਾ ਸਾਮਾਨ ਮੁਹੱਈਆ ਕਰਵਾਏ। ‘ਆਪ’ ਦੇ ਰਾਜ ਸਭਾ ਮੈਂਬਰ ਤੇ ਹਰਿਆਣਾ ਇਕਾਈ ਦੇ ਇੰਚਾਰਜ ਡਾ. ਸੁਸ਼ੀਲ ਗੁਪਤਾ ਨੇ ਕਿਹਾ ਕਿ ਹਰਿਆਣਾ ਦੇ ਪਿੰਡਾਂ ਵਿੱਚ ਕਰੋਨਾ ਫੈਲ ਰਿਹਾ ਹੈ। ਪੇਂਡੂਆਂ ਦੀ ਸੇਵਾ ਵਿੱਚ ਲੱਗੀਆਂ ਆਸ਼ਾ ਵਰਕਰਾਂ ਨੂੰ ਸਰਕਾਰ ਜ਼ਰੂਰੀ ਉਪਕਰਨ ਜਿਵੇਂ ਪੀਪੀਈ ਕਿੱਟ, ਮਾਸਕ, ਦਸਤਾਨੇ ਤੇ ਚਿਹਰੇ ਢਕਣ ਲਈ ਐਨਕਾਂ ਜਾਂ ਸ਼ੀਟਾਂ ਦੇਵੇ। ਉਨ੍ਹਾਂ ਕਿਹਾ ਕਿ ਸੰਕਟ ਦੀ ਘੜੀ ਵਿੱਚ ਕਰੋਨਾ ਯੋਧੇ ਲੋਕਾਂ ਦੀ ਜਾਨ ਬਚਾਉਣ ਲਈ ਉਹ ਦਿਨ-ਰਾਤ ਲੱਗੇ ਹੋਏ ਹਨ ਤੇ ਉਨ੍ਹਾਂ ਯੋਧਿਆਂ ਦੀ ਸੁਰੱਖਿਆ ਲਈ ਉਨ੍ਹਾਂ ਦਾ ਬੀਮਾ ਕੀਤਾ ਜਾਵੇ। ਉਨ੍ਹਾਂ ਪਾਰਟੀ ਵਰਕਰਾਂ ਨਾਲ ਆਨਲਾਈਨ ਮੀਟਿੰਗਾਂ ਕਰਕੇ ਸਰਕਾਰ ਜਾਂ ਪ੍ਰਸ਼ਾਸਨ ਦੀ ਲਾਪ੍ਰਵਾਹੀ ਉਜਾਗਰ ਕਰਨ ਤੇ ਸਰਕਾਰ ਉਪਰ ਦਬਾਅ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਿਹਤ ਸਿਸਟਮ ਉਪਰ ਭਾਰੀ ਦਬਾਅ ਹੈ ਇਸ ਲਈ ਪਿੰਡਾਂ ਵਿੱਚ ਕੈਂਪ ਲਾਉਣ ਦੀ ਸਿਖਲਾਈ ਲਈ ਜਾਵੇ। ਜਿਨ੍ਹਾਂ ਮਰੀਜ਼ਾਂ ਨੂੰ ਕਰੋਨਾ ਦੇ ਲੱਛਣ ਹਨ ਉਨ੍ਹਾਂ ਲਈ ਜ਼ਰੂਰੀ ਦਵਾਈਆਂ, ਆਕਸੀਮੀਟਰ, ਥਰਮਾਮੀਟਰ ਸਟੀਮਰ ਤੇ ਕਰੋਨਾ ਕਿੱਟਾਂ ਬਣਾ ਕੇ ਆਸ਼ਾ ਵਰਕਰਾਂ ਸਮੇਤ ਕਰੋਨਾ ਯੋਧਿਆਂ ਦੀ ਮਦਦ ਕੀਤੀ ਜਾਵੇ।