ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 13 ਜੂਨ
ਜਿਨ੍ਹਾਂ ਸ਼ਹਿਰਾਂ ’ਚ ਕਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ, ਉੱਥੋਂ ਦੇ ਲੋਕ ਹੁਣ ਆਪਣੇ ਪਰਿਵਾਰ ਦੀ ਜਾਨ ਬਚਾਉਣ ਲਈ ਹੁਣ ਹੋਰ ਸੂਬਿਆਂ ’ਚ ਪਿਨਾਹ ਲੈਣ ਲੱਗੇ ਹਨ। ਦਿੱਲੀ ਦਾ ਅਜਿਹਾ ਹੀ ਇੱਕ ਪਰਿਵਾਰ ਆਪਣੇ ਘਰ ਛੱਡ ਕੇ ਇੱਕ ਮਹੀਨੇ ਲਈ ਚੀਕਾ ਰੁੱਕਣ ਆਇਆ ਹੈ। ਸ਼ੁੱਕਰਵਾਰ ਨੂੰ ਦੋ ਗੱਡੀਆਂ ’ਚ ਸਵਾਰ ਹੋ ਕੇ ਇਹ ਪਰਿਵਾਰ ਚੀਕਾ ਅੱਪੜਿਆ ਅਤੇ ਰੁਕਣ ਲਈ ਸ਼ਹਿਰ ’ਚ ਕਿਰਾਏ ਦਾ ਮਕਾਨ ਤਲਾਸ਼ ਕਰਦਾ ਰਿਹਾ ਪਰ ਕਿਸੇ ਨੇ ਮਕਾਨ ਕਿਰਾਏ ’ਤੇ ਦੇਣ ਲਈ ਹਾਮੀ ਨਹੀਂ ਭਰੀ ਤਾਂ ਰਾਤ ਇਹ ਪਰਿਵਾਰ ਚੀਕਾ ਅਨਾਜ ਮੰਡੀ ’ਚ ਸਥਿਤ ਆਪਣੇ ਰਿਸ਼ਤੇਦਾਰ ਕੋਲ ਰੁੱਕਿਆ। ਸੂਚਨਾ ਮਿਲਣ ’ਤੇ ਗੂਹਲਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਆਏ ਹੋਏ ਲੋਕਾਂ ਤੋਂ ਪੁੱਛਗਿੱਛ ਕੀਤੀ। ਸਿਹਤ ਵਿਭਾਗ ਦੀ ਟੀਮ ਨੇ ਘਰ ਬਾਹਰ ਕਰੋਨਾ ਨੋਟਿਸ ਚਿਪਕਾ ਕੇ 26 ਜੂਨ ਤੱਕ ਘਰ ’ਚ ਹੀ ਇਕਾਂਤਵਾਸ ਕਰ ਦਿੱਤਾ ਹੈ ਤੇ ਪਰਿਵਾਰ ਦੇ ਸੈਂਪਲ ਵੀ ਲਏ ਗਏ।
ਦੂਜੇ ਪਾਸੇ ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਦੇ ਦਿੱਲੀ ਤੋਂ ਆਏ ਲੋਕਾਂ ਦੇ ਨਾਲ ਨਾਲ ਪਰਿਵਾਰ ਦੇ ਮੈਬਰਾਂ ਦੇ ਵੀ ਸੈਂਪਲ ਲੈਣਾ ਚਾਹੀਦਾ ਹੈ, ਤਾਂਕਿ ਦੂਜੇ ਲੋਕਾਂ ਦੇ ਬਾਰੇ ਵਿੱਚ ਵੀ ਹਾਲਤ ਛੇਤੀ ਸਪੱਸ਼ਟ ਹੋ ਸਕੇ।