ਡੱਬਵਾਲੀ (ਇਕਬਾਲ ਸਿੰਘ ਸ਼ਾਂਤ) ਖੇਤੀ ਕਾਨੂੰਨਾਂ ਦਾ ਸੰਘਰਸ਼ ਜਿੱਤ ਕੇ ਦਿੱਲੀਓਂ ਪਰਤ ਰਹੇ ਕਿਸਾਨ ਕਾਫਲਿਆਂ ਦਾ ਅੱਜ ਡੱਬਵਾਲੀ ਵਿੱਚ ਸਵਾਗਤ ਫੁੱਲਾਂ ਦੀ ਵਰਖਾ ਤੇ ਲੋਕਪੱਖੀ ਗੀਤ-ਸੰਗੀਤ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਭਾਕਿਯੂ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲਛਮਣ ਸੇਵੇਵਾਲਾ ਅਤੇ ਲੋਕ ਮੋਰਚਾ ਦੇ ਜਨਰਲ ਸਕੱਤਰ ਜਗਮੇਲ ਸਿੰਘ ਸਮੇਤ ਵੱਡੀ ਗਿਣਤੀ ਮਰਦ-ਔਰਤ ਕਿਸਾਨ-ਮਜ਼ਦੂਰਾਂ ਨੇ ਸਿਰਸਾ ਰੋਡ ’ਤੇ ਸਵਾਗਤੀ ਸਮਾਗਮ ’ਚ ਭੰਗੜੇ-ਗਿੱਧੇ ਪਾਏ। ਇਸ ਮੌਕੇੇ ਜੇਤੂ ਮਾਹੌਲ ’ਚ ਨੱਚ-ਟੱਪ ਕੇ ਖੁਸ਼ੀ ਜਾਹਰ ਕਰਨ ਵਾਲਿਆਂ ’ਚ ਭਰਾਤਰੀ ਜਥੇਬੰਦਆਂ ਦੇ ਆਗੂਆਂ ਇਲਾਵਾ ਕਹਾਣੀਕਾਰ ਅਤਰਜੀਤ ਤੇ ਵਕੀਲ ਐਨ.ਕੇ. ਜੀਤ ਵੀ ਹਾਜ਼ਰ ਸਨ। ਟਰੈਕਟਰ ਟਰਾਲੀਆਂ ’ਤੇ ਭੰਗੜੇ ਪਾਉਂਦੇ ਸਾਮਾਨ ਤੇ ਬਿਹਤਰੀਨ ਕਿਸਮ ਦੀਆਂ ਝੌਂਪੜੀਆਂ ਨੂੰ ਯਾਦਗਾਰਾਂ ਵਜੇ ਸਹੇਜ ਕੇ ਘਰਾਂ ਨੂੰ ਪਰਤਦੇ ਕਿਸਾਨਾਂ ਦੇ ਚਿਹਰਿਆਂ ਤੋਂ ਦਿੱਲੀ ਜਿੱਤਣ ਦੀ ਖੁਸ਼ੀ ਬਾਖੂਬੀ ਝਲਕ ਰਹੀ ਸੀ। ਕਿਸਾਨ ਕਾਫ਼ਲਿਆਂ ਲਈ ਚਾਹ, ਜਲੇਬੀਆਂ ਤੇ ਪਕੌੜਿਆਂ ਦੇ ਲੰਗਰ ਦਾ ਇੰਤਜਾਮ ਸੀ। ਪੇਂਡੂ ਇਕਾਈਆਂ ਨੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ, ਹਰਪਾਲ ਕਿੱਲਿਆਂਵਾਲੀ, ਜਗਸੀਰ ਗੱਗੜ, ਦਲਜੀਤ ਮਿਠੜੀ, ਲਖਵਿੰਦਰ ਸਿੰਘ ਕਿੱਲਿਆਂਵਾਲੀ, ਜਗਦੀਪ ਖੁੱਡੀਆਂ ਅਤੇ ਡਾ. ਮਨਜਿੰਦਰ ਸਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਪਿੰਡ ਲਾਲਬਾਈ ਤੋਂ ਅੱਠ ਸਾਲਾ ਅਭੈਜੋਤ ਇੱਥੇ ਉਸਦੇ ਦਾਦੇ ਚਰਨਜੀਤ ਸਿੰਘ ਨੂੰ ਲੈਣ ਪੁੱਜਿਆ ਸੀ, ਦਾਦੇ-ਪੋਤੇ ਨੇ ਗਲ-ਵੱਖੜੀਆਂ ਪਾ ਕੇ ਇੱਕ-ਦੂਜੇ ਨੂੰ ਰੱਜਵਾਂ ਲਾਡ-ਪਿਆਰ ਕੀਤਾ। ਦਿੱਲੀ ਮੋਰਚੇ ਤੋਂ ਵਾਪਸ ਲਿਆ ਰਹੇ ਲੋਹੇ ਸੁੰਦਰ ਝੌਂਪੜੀ ਬਾਰੇ ਪਿੰਡ ਡੋਹਕ ਦੇ ਕੁਲਬੀਰ ਸਿੰਘ ਦਾ ਕਹਿਣਾ ਸੀ ਕਿ ਯਾਦਗਾਰ ਵਜੋਂ ਇਸਨੂੰ ਗੁਰਦੁਆਰੇ ’ਚ ਪਾਲਕੀ ਸਾਹਿਬ ਲਈ ਭੇਟ ਕੀਤਾ ਜਾਵੇਗਾ। ਕੁੱਝ ਸਮਾਂ ਪਹਿਲਾਂ ਸੜਕ ਹਾਦਸੇ ’ਚ ਜਖ਼ਮੀ ਡੀ.ਟੀ.ਐਫ਼ ਅਧਿਆਪਕ ਜਸਕੌਲਪ੍ਰੀਤ ਸਿੰਘ ਇਲਾਜਧੀਨ ਹੋਣ ਦੇ ਵੈਸਾਖੀ ਸਹਾਰੇ ਸੰਘਰਸ਼ ਦੇ ਇਤਿਹਾਸਕ ਪਲਾਂ ਨੂੰ ਸਲਾਮ ਕਰਨ ਪੁੱਜਿਆ।