ਪ੍ਰਦੀਪ ਸਾਹੂ
ਚਰਖੀ ਦਾਦਰੀ, 11 ਸਤੰਬਰ
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਅਤੇ ਪੰਜਾਬ ਪੁਲੀਸ ਦੀ ਸਾਂਝੀ ਟੀਮ ਵੱਲੋਂ ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਛੇਵਾਂ ਸ਼ੂਟਰ ਦੀਪਕ ਮੁੰਡੀ ਹਰਿਆਣਾ ਦੇ ਚਰਖੀ ਦਾਦਰੀ ਦੇ ਬੌਂਦ ਕਲਾਂ ਪੁਲੀਸ ਥਾਣੇ ਅਧੀਨ ਪੈਂਦੇ ਪਿੰਡ ਊਣ ਦਾ ਰਹਿਣ ਵਾਲਾ ਹੈ। ਦੀਪਕ ਮੁੰਡੀ ਦੀ ਗ੍ਰਿਫ਼ਤਾਰੀ ਮਗਰੋਂ ਅੱਜ ਪਹਿਲੀ ਵਾਰ ਉਸ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ। ਇਸ ਮੌਕੇ ਆਪਣੇ ਪੁੱਤ ਵੱਲੋਂ ਕੀਤੇ ਗਏ ਅਪਰਾਧਾਂ ’ਤੇ ਦੁੱਖ ਜ਼ਾਹਰ ਕਰਦਿਆਂ ਦੀਪਕ ਮੁੰਡੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੀਪਕ ਨੇ ਉਨ੍ਹਾਂ ਦੀ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰੱਬ ਅਜਿਹਾ ਕਪੁੱਤ ਕਿਸੇ ਨੂੰ ਨਾ ਦੇਵੇ।
ਜ਼ਿਕਰਯੋਗ ਹੈ ਕਿ ਲੰਘੀ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਹੁਣ ਤੱਕ ਪੁਲੀਸ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦਕਿ ਦੋ ਸ਼ੂਟਰ ਪੁਲੀਸ ਮੁਕਾਬਲੇ ਵਿੱਚ ਮਾਰੇ ਜਾ ਚੁੱਕੇ ਹਨ। ਦੀਪਕ ਮੁੰਡੀ ਇਸ ਕੇਸ ਵਿੱਚ ਲੋੜੀਂਦਾ ਛੇਵਾਂ ਸ਼ੂਟਰ ਸੀ, ਜਿਸ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਮੁੰਡੀ ਦੀ ਮਾਂ ਸੁਨੀਤਾ ਅਤੇ ਪਿਤਾ ਰਾਜਬੀਰ ਸਿੰਘ ਖੇਤਾਂ ’ਚ ਮਜ਼ਦੂਰੀ ਕਰ ਕੇ ਪਰਿਵਾਰ ਦਾ ਢਿੱਡ ਪਾਲ ਰਹੇ ਹਨ। ਦੀਪਕ ਮੁੰਡੀ ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਤੇ ਨਿੱਕੀ ਉਮਰ ਵਿੱਚ ਹੀ ਉਹ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ ਸੀ। ਨਿੱਕੇ ਹੁੰਦਿਆਂ ਹੀ ਉਸ ’ਤੇ ਕਈ ਅਪਰਾਧਿਕ ਕੇਸ ਦਰਜ ਹੋ ਚੁੱਕੇ ਸਨ। ਉਹ ਪਰਿਵਾਰਕ ਮੈਂਬਰਾਂ ਨਾਲ ਵੀ ਕਈ ਵਾਰ ਲੜਾਈ-ਝਗੜਾ ਕਰ ਚੁੱਕਿਆ ਸੀ। ਦੀਪਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਲਗਪਗ ਪੰਜ ਮਹੀਨੇ ਪਹਿਲਾਂ ਇੱਕ ਔਰਤ ਨਾਲ ਘਰੇ ਆਇਆ ਸੀ, ਜਿਸ ਨਾਲ ਉਸ ਨੇ ਵਿਆਹ ਕਰਵਾਉਣ ਦੀ ਗੱਲ ਕਹੀ ਸੀ। ਇਸ ਗੱਲ ’ਤੇ ਉਸ ਦੀ ਪਰਿਵਾਰ ਨਾਲ ਲੜਾਈ ਹੋ ਗਈ ਤੇ ਉਹ ਗੁੱਸੇ ਵਿੱਚ ਘਰੋਂ ਚਲਾ ਗਿਆ। ਉਸ ਮਗਰੋਂ ਦੀਪਕ ਨੇ ਪਰਿਵਾਰ ਦੇ ਕਿਸੇ ਜੀਅ ਨਾਲ ਕੋਈ ਸੰਪਰਕ ਨਹੀਂ ਸੀ ਕੀਤਾ।
ਸੁਨੀਤਾ ਨੇ ਰੋਂਦੇ ਹੋਏ ਦੱਸਿਆ ਕਿ ਦੀਪਕ ਨੇ ਕਦੇ ਵੀ ਆਪਣੇ ਪਰਿਵਾਰ ਦਾ ਸੂਹ ਪਤਾ ਨਹੀਂ ਲਿਆ, ਭੈਣ ਦੇ ਵਿਆਹ ਵੇਲੇ ਵੀ ਨਹੀਂ ਆਇਆ। ਉਸ ਦੀ ਬਿਮਾਰੀ ਵੇਲੇ ਵੀ ਦੀਪਕ ਨੇ ਕਦੇ ਉਸ ਨੂੰ ਨਹੀਂ ਸੰਭਾਲਿਆ। ਹਾਰ ਕੇ ਸਾਰੇ ਪਰਿਵਾਰ ਨੇ ਉਸ ਦੇ ਵਿਹਾਰ ਨੂੰ ਦੇਖਦੇ ਹੋਏ ਉਸ ਨੂੰ ਬੇਦਖਲ ਕਰ ਦਿੱਤਾ ਤੇ ਉਸ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਸਨ। ਸੁਨੀਤਾ ਨੇ ਦੱਸਿਆ ਕਿ ਉਹ ਹਾਲੇ ਵੀ ਇਸ ਡਰ ਵਿੱਚ ਜੀਅ ਰਹੇ ਸਨ ਕਿ ਕਿਤੇ ਦੀਪਕ ਉਨ੍ਹਾਂ ਨੂੰ ਗੋਲੀਆਂ ਨਾ ਮਾਰ ਦੇਵੇ। ਸੁਨੀਤਾ ਨੇ ਕਿਹਾ, ‘‘ਸਿੱਧੂ ਮੂਸੇਵਾਲਾ ਵੀ ਕਿਸੇ ਦਾ ਪੁੱਤ ਸੀ ਤੇ ਦੀਪਕ ਨੇ ਇੱਕ ਪੁੱਤ ਦੀ ਹੱਤਿਆ ਕੀਤੀ ਹੈ, ਇਸ ਲਈ ਉਸ ਨੂੰ ਵੀ ਮਾਰ ਦੇਣਾ ਚਾਹੀਦਾ ਹੈ।’’ ਦੀਪਕ ਦੇ ਪਿਤਾ ਰਾਜਬੀਰ ਸਿੰਘ ਨੇ ਦੱਸਿਆ ਕਿ ਪੁੱਤ ਦੀਆਂ ਹਰਕਤਾਂ ਦੇਖਦੇ ਹੋਏ ਉਨ੍ਹਾਂ ਨੇ ਦੋ ਵਾਰ ਦੀਪਕ ਨੂੰ ਬੇਦਖਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਦੀਪਕ ਦੀਆਂ ਬਦਮਾਸ਼ੀਆਂ ਕਾਰਨ ਪੁਲੀਸ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਈ ਸੀ। ਉਨ੍ਹਾਂ ਕਿਹਾ ਕਿ ਦੀਪਕ ਉਨ੍ਹਾਂ ਦਾ ਪੁੱਤ ਹੈ ਹੀ ਨਹੀਂ। ਉਸ ਨੇ ਜੋ ਕੀਤਾ ਹੈ, ਉਸ ਨੂੰ ਉਸਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੇਕਰ ਪੁਲੀਸ ਉਸ ਨੂੰ ਮਾਰ ਵੀ ਦਿੰਦੀ ਹੈ ਤਾਂ ਵੀ ਉਹ ਉਸ ਦੀ ਲਾਸ਼ ਨਹੀਂ ਲੈਣਗੇ। ਉਧਰ, ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਲੰਬੇ ਸਮੇਂ ਤੋਂ ਕਿਸੇ ਨੇ ਦੀਪਕ ਨੂੰ ਪਿੰਡ ਵਿੱਚ ਨਹੀਂ ਵੇਖਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਦੀਪਕ ਨੇ ਕਿਸੇ ਦੀ ਜਾਨ ਲਈ ਹੈ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।