ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 29 ਜਨਵਰੀ
ਲਾਡਵਾ ਦੇ ਵਿਧਾਇਕ ਮੇਵਾ ਸਿੰਘ ਨੇ ਕਿਹਾ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਜੋ ਵੀ ਹੋਇਆ ਉਹ ਗਲਤ ਤੇ ਨਿੰਦਨਯੋਗ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕਦੇ ਵੀ ਅਜਿਹਾ ਕੰਮ ਨਹੀਂ ਕਰ ਸਕਦਾ, ਇਹ ਸਭ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ ਭਾਜਪਾ ਦੀ ਸੋਚੀ ਸਮਝੀ ਸਾਜ਼ਿਸ਼ ਦਾ ਇਕ ਹਿੱਸਾ ਸੀ। ਮੇਵ ਸਿੰਘ ਅੱਜ ਬਾਬੈਨ ਵਿਚ ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਰਕੇਸ਼ ਅਗਰਵਾਲ ਦੇ ਦਫ਼ਤਰ ਵਿਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਦੇਸ਼ ਵਿਰੋਧੀ ਘਟਨਾ ਨੂੰ ਅੰਜਾਮ ਦੇਣ ਵਿਚ ਸ਼ਾਮਲ ਦੀਪ ਸਿੱਧੂ ਭਾਜਪਾ ਦਾ ਕਾਰਕੁਨ ਹੀ ਨਹੀਂ ਬਲਕਿ ਭਾਜਪਾ ਆਗੂ ਹੈ, ਜਿਸ ਦੀ ਪਹੁੰਚ ਕੇਂਦਰੀ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਤੱਕ ਸੀ। ਮੇਵਾ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਕੋਲ ਸੰਸਦਾਂ ਨੂੰ ਮਿਲਣ ਦਾ ਵੀ ਸਮਾਂ ਨਹੀਂ ਉਨ੍ਹਾਂ ਦੇ ਨਾਲ ਫੋਟੋ ਖਿਚਵਾਉਣਾ ਤੇ ਚਾਹ ਪੀਣਾ ਕੋਈ ਛੋਟੀ ਗੱਲ ਨਹੀਂ। ਮੇਵਾ ਸਿੰਘ ਨੇ ਕਿਹਾ ਦੀਪ ਸਿੱਧੂ ਆਪਣੇ ਸਾਥੀਆਂ ਨਾਲ ਲਾਲ ਕਿਲ੍ਹੇ ’ਤੇ ਇੰਨੀ ਵੱਡੀ ਸੁਰੱਖਿਆ ਦੇ ਸਖ਼ਤ ਇੰਤਜਾਮ ਹੋਣ ਦੇ ਬਾਵਜੂਦ ਉਹ ਉਥੇ ਕਿਵੇਂ ਪਹੁੰਚ ਗਿਆ।
ਮੇਵਾ ਸਿੰਘ ਨੇ ਇਨੈਲੋ ਵਿਧਾਇਕ ਅਭੈ ਸਿੰਘ ਚੌਟਾਲਾ ਵਲੋਂ ਕਿਸਾਨਾਂ ਦੇ ਨਾਂ ’ਤੇ ਦਿੱਤੇ ਅਸਤੀਫੇ ਨੂੰ ਮਹਿਜ਼ ਡਰਾਮਾ ਦੱਸਿਆ। ਉਨ੍ਹਾਂ ਕਿਹਾ ਕਿ ਕੁਝ ਆਗੂ ਉਂਗਲੀ ਕਟਵਾ ਕੇ ਸ਼ਹੀਦ ਹੋਣਾ ਚਾਹੁੰਦੇ ਹਨ ਕਿਉਂਕਿ ਫਰਵਰੀ ਮਹੀਨੇ ਵਿਚ ਵਿਧਾਨ ਸਭਾ ਸੈਸ਼ਨ ਵਿਚ ਕਾਂਗਰਸ ਪਾਰਟੀ ਬੇਭਰੋਸਗੀ ਮਤਾ ਲਿਆ ਰਹੀ ਹੈ। ਅਭੈ ਸਿੰਘ ਚੌਟਾਲਾ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਕੇ ਵਿਰੋਧੀ ਧਿਰ ਦੀ ਇਕ ਵੋਟ ਘੱਟ ਕਰ ਕੇ ਸਰਕਾਰ ਨੂੰ ਫਾਇਦਾ ਦੇਣ ਦਾ ਕੰਮ ਕੀਤਾ ਹੈ। ਉਹ ਕਿਸਾਨਾਂ ਦੇ ਨਾਂ ’ਤੇ ਰਾਜਨੀਤਕ ਲਾਭ ਲੈਣਾ ਚਾਹੁੰਦੇ ਹਨ।