ਨਵੀਂ ਦਿੱਲੀ, 30 ਅਗਸਤ
ਕੌਮੀ ਰਾਜਧਾਨੀ ਦਿੱਲੀ ’ਚ ਐਤਵਾਰ ਨੂੰ ਸਵੇਰੇ ਯਮੁਨਾ ਨਦੀ ’ਚ ਖਤਰੇ ਦੇ ਚਿੰਨ੍ਹ ਨੇੜੇ ਵਹਿ ਰਿਹਾ ਪਾਣੀ ਦਾ ਪੱਧਰ ਹੌਲੀ-ਹੌਲੀ ਘੱਟ ਹੋ ਰਿਹਾ ਹੈ। ਸਿੰਜਾਈ ਤੇ ਹੜ੍ਹ ਕੰਟਰੋਲ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਵੇਰੇ ਨੌ ਵਜੇ ਪੁਰਾਣੇ ਰੇਲਵੇ ਪੁਲ ’ਤੇ ਪਾਣੀ ਦਾ ਪੱਧਰ 203.98 ਮੀਟਰ ਸੀ। ਇਹ ਸ਼ਨਿਚਰਵਾਰ ਰਾਤ ਸੱਤ ਵਜੇ 204.14 ਮੀਟਰ ਅਤੇ ਸ਼ੁੱਕਰਵਾਰ ਸ਼ਾਮ ਪੰਜ ਵਜੇ 204.41 ਮੀਟਰ ਸੀ। ਚਿਤਾਵਨੀ ਪੱਧਰ 204.50 ਮੀਟਰ ਅਤੇ ਖ਼ਤਰੇ ਦਾ ਨਿਸ਼ਾਨ 205.33 ਮੀਟਰ ਹੈ। ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਹਥਨੀਕੁੰਡ ਬੈਰਾਜ ਤੋਂ ਸਵੇਰੇ 8 ਵਜੇ 4,353 ਕਿਊਸਿਕ ਦੀ ਦਰ ਨਾਲ ਯਮੁਨਾ ’ਚ ਪਾਣੀ ਛੱਡਿਆ ਜਾ ਰਿਹਾ ਸੀ। ਸ਼ਨਿਚਰਵਾਰ ਨੂੰ ਸਵੇਰੇ 11 ਵਜੇ ਵਹਾਅ ਦੀ ਦਰ 11,445 ਕਿਊਸਿਕ ਸੀ, ਜੋ ਪਿਛਲੇ 24 ਘੰਟਿਆਂ ’ਚ ਵੱਧ ਤੋਂ ਵੱਧ ਸੀ। ਅਧਿਕਾਰੀ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਵਹਾਅ ਦੀ ਦਰ 4,000 ਕਿਊਸਿਕ ਅਤੇ 15,000 ਕਿਊਸਿਕ ਵਿਚਾਲੇ ਬਣੀ ਹੋਈ ਹੈ। ਇਕ ਕਿਊਸਿਕ 28.32 ਲਿਟਰ ਪ੍ਰਤੀ ਸੈਕਿੰਡ ਦੇ ਬਰਾਬਰ ਹੁੰਦਾ ਹੈ। ਬੈਰਾਜ ਤੋਂ ਛੱਡੇ ਗਏ ਪਾਣੀ ਨੂੰ ਰਾਜਧਾਨੀ ਤੱਕ ਪਹੁੰਚਾਉਣ ਲਈ ਦੋ ਤੋਂ ਤਿੰਨ ਦਿਨ ਲੱਗਦੇ ਹਨ। ਇਸ ਪਾਣੀ ਨਾਲ ਦਿੱਲੀ ਨੂੰ ਪੀਣ ਵਾਲਾ ਪਾਣੀ ਮਿਲਦਾ ਹੈ। ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਮੀਂਹ ਕਾਰਨ ਸ਼ੁੱਕਰਵਾਰ ਨੂੰ ਪਾਣੀ ਦਾ ਪੱਧਰ ਵੱਧ ਗਿਆ। ਪੂਰਬੀ ਦਿੱਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਿਤੀ ’ਤੇ ਨਜ਼ਰ ਰੱਖਣ ਲਈ 24 ਕਿਸ਼ਤੀਆਂ ਤਾਇਨਾਤ ਕੀਤੀਆਂ ਹਨ। ਇਨ੍ਹਾਂ ’ਚੋਂ ਹਰ ਕਿਸ਼ਤੀ ’ਤੇ ਦੋ ਗੋਤਾਖੋਰ ਤਾਇਨਾਤ ਹੋਣਗੇ, ਨਾਲ ਹੀ ਇਸ ਤੋਂ ਇਲਾਵਾ ਕਿਸ਼ਤੀਆਂ ਅਤੇ ਗੋਤਾਖੋਰ ਤਿਆਰ ਰੱਖੇ ਗਏ ਹਨ। ਆਮ ਤੌਰ ’ਤੇ ਹਥਨੀਕੁੰਡ ਬੈਰਾਜ ’ਚ ਵਹਾਅ ਦਰ 352 ਕਿਊਸਿਕ ਹੈ ਪਰ ਜਲਗ੍ਰਹਿਣ ਖੇਤਰਾਂ ’ਚ ਭਾਰੀ ਮੀਂਹ ਤੋਂ ਬਾਅਦ ਛੱਡਿਆ ਜਾਣ ਵਾਲਾ ਪਾਣੀ ਵੱਧ ਜਾਂਦਾ ਹੈ। -ਪੀਟੀਆਈ
ਅਗਲੇ ਛੇ ਦਿਨਾਂ ਤੱਕ ਹਲਕਾ ਮੀਂਹ ਪੈਣ ਦੇ ਆਸਾਰ
ਕੌਮੀ ਰਾਜਧਾਨੀ ’ਚ ਅਗਲੇ ਛੇ ਦਿਨਾਂ ਤੱਕ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ਐਤਵਾਰ ਨੂੰ ਇਸਦੀ ਜਾਣਕਾਰੀ ਦਿੱਤੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਕਿਹਾ ਕਿ ਵਿਆਪਕ ਪੈਮਾਨੇ ’ਤੇ ਬਾਰਿਸ਼ ਦਾ ਅਨੁਮਾਨ ਨਹੀਂ ਹੈ। ਐਤਵਾਰ ਨੂੰ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ ਤੇ ਨਾਲ ਹੀ ਅਗਲੇ ਛੇ ਦਿਨ ਤੱਕ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ। ਐਤਵਾਰ ਨੂੰ ਵੱੱਧ ਤੋਂ ਵੱਧ ਤੇ ਘੱਟੋ-ਘੱਟ ਤਾਪਮਾਨ 33 ਡਿਗਰੀ ਸੈਲਸੀਅਸ ਅਤੇ 26 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਦਿੱਲੀ ’ਚ ਅਗਸਤ ’ਚ ਹੁਣ ਤੱਕ 236.5 ਮਿਮੀ. ਬਾਰਿਸ਼ ਦਰਜ ਕੀਤੀ ਗਈ ਹੈ, ਜਦਕਿ ਇਸ ਸਮੇਂ ਦੌਰਾਨ ਆਮ ਮਾਤਰਾ 245.7 ਮਿਮੀ. ਹੈ ਅਤੇ ਇਸ ਲਿਹਾਜ ਨਾਲ ਬਾਰਿਸ਼ ਚਾਰ ਫ਼ੀਸਦ ਘੱਟ ਹੋਈ ਹੈ।