ਰਤਨ ਸਿੰਘ ਢਿੱਲੋਂ
ਅੰਬਾਲਾ, 4 ਜੂਨ
ਨਰਾਇਣਗੜ੍ਹ ਸ਼ੂਗਰ ਮਿੱਲ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਨਾ ਕੀਤੇ ਜਾਣ ਤੋਂ ਖ਼ਫ਼ਾ ਕਿਸਾਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੀ ਪ੍ਰਧਾਨਗੀ ਹੇਠ ਸ਼ਾਹਜ਼ਾਦਪੁਰ ਵਿਚ ਮੀਟਿੰਗ ਕੀਤੀ, ਜਿਸ ’ਚ 24 ਜੂਨ ਨੂੰ ਮਹਾਪੰਚਾਇਤ ਕਰਨ ਦਾ ਫ਼ੈਸਲਾ ਲਿਆ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨਣ ’ਤੇ ਉਹ ਨਰਾਇਣਗੜ੍ਹ-ਪੰਚਕੂਲਾ ਮਾਰਗ ਜਾਮ ਕਰਨਗੇ। ਸ੍ਰੀ ਚੜੂਨੀ ਅੱਜ ਸ਼ਾਹਜ਼ਾਦਪੁਰ ਪਹੁੰਚੇ, ਜਿਥੇ ਉਨ੍ਹਾਂ ਨੇ ਭਾਕਿਯੂ ਚੜੂਨੀ ਗਰੁੱਪ ਤੇ ਗੰਨਾ ਸੰਘਰਸ਼ ਸਮਿਤੀ ਦੀ ਮੀਟਿੰਗ ਅਤੇ ਅੰਦੋਲਨ ਸਬੰਧੀ ਰਣਨੀਤੀ ਉਲੀਕੀ। ਸ੍ਰੀ ਚੜੂਨੀ ਨੇ ਦੱਸਿਆ ਕਿ ਖੰਡ ਮਿੱਲ ਵੱਲੋਂ ਕਿਸਾਨਾਂ ਦੇ ਗੰਨੇ ਦਾ 66 ਕਰੋੜ ਰੁਪਏ ਬਕਾਏ ਦਾ ਭੁਗਤਾਨ ਨਹੀਂ ਕੀਤਾ ਗਿਆ। ਸ੍ਰੀ ਚੜੂਨੀ ਨੇ ਐੱਸਡੀਐੱਮ ਨੂੰ ਕਿਸਾਨਾਂ ਦੇ ਖਾਤਿਆਂ ਵਿੱਚ ਬਿਜਲੀ ਦੇ 18 ਕਰੋੜ ਰੁਪਏ ਪਾਉਣ ਅਤੇ ਬਕਾਇਆ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ। ਮੀਟਿੰਗ ਦੀ ਸੂਚਨਾ ਮਿਲਣ ’ਤੇ ਐੱਸਡੀਐੱਮ ਸਲੋਨੀ ਸ਼ਰਮਾ ਅਤੇ ਖੰਡ ਮਿੱਲ ਦੇ ਅਧਿਕਾਰੀ ਸ਼ਾਹਜ਼ਾਦਪੁਰ ਪਹੁੰਚੇ। ਐੱਸਡੀਐੱਮ ਨੇ ਭਰੋਸਾ ਦਿੱਤਾ ਕਿ 5 ਕਰੋੜ ਰੁਪਏ ਜਲਦੀ ਹੀ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿੱਤੇ ਜਾਣਗੇ ਅਤੇ ਬਿਜਲੀ ਦੇ 18 ਕਰੋੜ ਤੇ ਬਕਾਇਆ ਰਾਸ਼ੀ ਬਾਰੇ ਉਹ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ 10 ਦਿਨਾਂ ਵਿਚ ਹੱਲ ਕੱਢ ਲਿਆ ਜਾਵੇਗਾ। ਮੀਟਿੰਗ ’ਚ ਗੰਨਾ ਸੰਘਰਸ਼ ਸਮਿਤੀ ਦੇ ਪ੍ਰਧਾਨ ਵਿਨੋਦ ਰਾਣਾ, ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਆਦਿ ਮੌਜੂਦ ਸਨ।