ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 27 ਅਕਤੂਬਰ
ਸ਼ਾਹਬਾਦ-ਅੰਬਾਲਾ ਜੀ ਟੀ ਰੋਡ ’ਤੇ ਨੌ ਗਜ਼ਾ ਪੀਰ ਕੋਲ ਸੜਕ ਹਾਦਸੇ ਵਿਚ ਪਿਤਾ ਤੇ ਪੁੱਤਰ ਦੀ ਮੌਤ ਹੋ ਗਈ ਜਦਕਿ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਗੁਮਟੀ ਨਿਵਾਸੀ ਮਲਕੀਤ ਸਿੰਘ ਨੇ ਕਿਹਾ ਹੈ ਕਿ ਉਹ ਦੋ ਮੋਟਰਸਾਈਕਲਾਂ ਰਾਹੀਂ ਆਪਣੇ ਭਤੀਜੇ ਪ੍ਰਿੰਸ ਦੇ ਪਾਸਪੋਰਟ ਲਈ ਬਲਦੇਵ ਨਗਰ ਸਥਿਤ ਦਫਤਰ ਲਈ ਸਵੇਰੇ ਆਪਣੇ ਭਰਾ ਜਸਬੀਰ ਸਿੰਘ, ਭਤੀਜਾ ਪ੍ਰਿੰਸ ਤੇ ਭਾਬੀ ਸੁਮਨ ਨਾਲ ਨਿਕਲੇ ਸਨ ਉਹ ਤੇ ਉਸ ਦੀ ਭਾਬੀ ਸੁਮਨ ਇਕ ਮੋਟਰਸਾਈਕਲ ’ਤੇ ਸਨ ਉਸ ਦਾ ਭਰਾ ਜਸਬੀਰ ਤੇ ਭਤੀਜਾ ਪ੍ਰਿੰਸ ਦੂਜੀ ਮੋਟਰਸਾਈਕਲ ’ਤੇ ਸਨ। ਜਦ ਉਹ ਨੌਂ ਗਜ਼ਾ ਪੀਰ ਤੋਂ ਥੋੜ੍ਹਾ ਅੱਗੇ ਨਿਕਲੇ ਤਾਂ ਜੀ ਟੀ ਰੋਡ ’ਤੇ ਪਿੰਡ ਸਮਾਲਖੀ ਕੋਲ ਇਕ ਅਣਪਛਾਤੇ ਕਾਰ ਚਾਲਕ ਨੇ ਤੇਜ਼ ਰਫਤਾਰ ਆਉਂਦੇ ਹੋਏ ਸਿੱਧੀ ਟੱਕਰ ਜਸਬੀਰ ਦੇ ਮੋਟਰਸਾਈਕਲ ਨੂੰ ਮਾਰ ਦਿੱਤੀ ਜਿਸ ਨਾਲ ਉਹ ਦੋਵੇਂ ਪਿਤਾ ਪੁੱਤਰ ਸੜਕ ’ਤੇ ਡਿੱਗ ਪਏ ਤੇ ਕੋਲ ਖੜ੍ਹੀ ਉਸ ਦੀ ਭਾਬੀ ਵੀ ਡਿਗ ਪਈ। ਇਸ ਹਾਦਸੇ ਵਿਚ ਤਿੰਨੇ ਗੰਭੀਰ ਜ਼ਖਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਐਬੂਲੈਂਸ ਰਾਹੀਂ ਉਨ੍ਹਾਂ ਨੂੰ ਆਦੇਸ਼ ਹਸਪਤਾਲ ਦਾਖਲ ਕਰਾਇਆ ਜਿਥੇ ਉਸ ਦੇ ਭਤੀਜੇ ਪ੍ਰਿੰਸ ਨੂੰ ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਮਿਤ੍ਰਕ ਐਲਾਨ ਦਿੱਤਾ ਤੇ ਜਸਬੀਰ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।
ਬੱਸ ਤੇ ਟਰੱਕ ਦੀ ਟੱਕਰ ਕਾਰਨ 8 ਜ਼ਖ਼ਮੀ
ਟੋਹਾਣਾ (ਪੱਤਰ ਪ੍ਰੇਰਕ): ਟੋਹਾਣਾ ਤੋਂ ਹਿਸਾਰ ਜਾ ਰਹੀ ਨਿੱਜੀ ਬੱਸ ਪਿੰਡ ਸਮੈਣ ਦੇ ਨਜ਼ਦੀਕ ਟਰੱਕ ਨਾਲ ਵੱਜਣ ’ਤੇ 8 ਮੁਸਾਫ਼ਿਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਮੁੱਢਲੀ ਮੈਡੀਕਲ ਸਹਾਇਤਾ ਦਿੱਤੀ ਗਈ। ਇਸ ਤੋਂ ਇਲਾਵਾ ਛੇ ਜ਼ਖਮੀਆਂ ਨੂੰ ਅਗਰੋਹਾ ਰੈਫ਼ਰ ਕਰ ਦਿੱਤਾ ਗਿਆ ਹੈ। ਜ਼ਖ਼ਮੀਆਂ ਵਿੱਚ ਸੋਨਲ, ਸੇਸ਼ਮਾ ਤੇ ਰਮੇਸ਼, ਮੀਨਾ ਟੋਹਾਣਾ, ਦੀਪਕ, ਸਤਪਾਲ, ਸੋਨੂੰ ਕੰਨ੍ਹੜੀ ਸ਼ਾਮਲ ਹਨ। ਸੂਚਨਾ ਮਿਲਦੇ ਹੀ ਸਦਰ ਥਾਣਾ ਟੋਹਾਣਾ ਐਸ.ਐਚ.ਓ. ਕਪਿਲ ਸਿਹਾਗ ਮੌਕੇ ’ਤੇ ਪੁੱਜੇ ਤੇ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।