ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 12 ਮਈ
ਇਥੋਂ ਨੇੜਲੇ ਪਿੰਡ ਕਲਸਾਣਾ ਵਿਚ ਇਕ ਕਾਰ ਛੱਪੜ ਵਿਚ ਡਿੱਗ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦ ਕਿ ਤਿੰਨ ਜ਼ਖਮੀ ਹੋ ਗਏ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਬਰਾੜਾ ਨਿਵਾਸੀ ਸਜਮਾਨ ਨੇ ਕਿਹਾ ਹੈ ਕਿ ਉਹ ਆਪਣੇ ਦੋਸਤ ਜਤਿਨ ਉਰਫ ਹੈਪੀ ਨਿਵਾਸੀ ਬਰਾੜਾ ਦੀ ਕਾਰ ਵਿਚ ਬਰਾੜਾ ਤੋਂ ਪਿੰਡ ਮੁਗਲ ਮਾਜਰਾ ਵਿਚ ਕਰਨ ਦੇ ਘਰ ਇਕ ਜਨਮ ਦਿਨ ਪਾਰਟੀ ’ਤੇ ਗਏ ਸਨ। ਵਾਪਸੀ ਵੇਲੇ ਜਦ ਉਹ ਤੰਗੋਰ ਕਲਸਾਣਾ ਰੋਡ ’ਤੇ ਜਾ ਰਿਹਾ ਸੀ ਤਾਂ ਛੱਪੜ ਨੇੜੇ ਸਾਹਮਣੇ ਤੋਂ ਆ ਰਹੇ ਇਕ ਟਰੈਕਟਰ ਟਰਾਲੀ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਕਾਰ ਛੱਪੜ ਵਿਚ ਜਾ ਡਿਗੀ। ਕਾਰ ਦੀ ਖਿੜਕੀ ਖੁੱਲ੍ਹਣ ਕਰਕੇ ਵਿਕਾਸ ਨਿਤਿਨ ਤੇ ਮੰਗੀ ਬਾਹਰ ਨਿਕਲ ਗਏ ਪਰ ਸੱਟਾਂ ਲੱਗਣ ਕਾਰਨ ਜਤਿਨ ਕਾਰ ਵਿਚ ਫਸ ਗਿਆ। ਇਸੇ ਦੌਰਾਨ ਰਾਹਗੀਰਾਂ ਨੇ ਜਤਿਨ ਨੂੰ ਬਾਹਰ ਕੱਢਿਆ। ਭੀੜ ਦਾ ਫਾਇਦਾ ਚੁੱਕ ਕੇ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਐਂਬੂਲੈਂਸ ਰਾਹੀਂ ਜਤਿਨ ਨੂੰ ਸ਼ਾਹਬਾਦ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।