ਪੱਤਰ ਪ੍ਰੇਰਕ
ਜੀਂਦ, 28 ਅਗਸਤ
ਜੀਂਦ ਪੁਲੀਸ ਨੇ ਮੀਨੂ ਦੀ ਮੌਤ ਦੇ ਮਾਮਲੇ ਵਿੱਚ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਰੋਹਤਕ ਜ਼ਿਲ੍ਹੇ ਦੇ ਪਿੰਡ ਮਾਇਨਾ ਦੇ ਲਗਪੱਗ ਦਰਜਨ ਲੋਕਾਂ ਨੇ ਇੱਥੇ ਐੱਸਪੀ ਦਫਤਰ ਵਿੱਚ ਪਹੁੰਚ ਕੇ ਜੀਂਦ ਦੇ ਐੱਸਪੀ ਨੂੰ ਅਪੀਲ ਕੀਤੀ ਸੀ ਕਿ ਜੀਂਦ ਦੇ ਸੈਕਟਰ ਨੰਬਰ-11 ਵਿੱਚ ਮੀਨੂ ਦੀ ਮੌਤ ਦੇ ਮਾਮਲੇ ਵਿੱਚ ਹੱਤਿਆ ਦਾ ਕੇਸ ਦਰਜ ਕਰ ਕੇ ਇਨਸਾਫ ਦਿਵਾਇਆ ਜਾਵੇ। ਮ੍ਰਿਤਕ ਮੀਨੂ ਦੇ ਪਿਤਾ ਜੈ ਭਗਵਾਨ ਨੇ ਐੱਸਪੀ ਸਾਹਿਬ ਨੂੰ ਦੱਸਿਆ ਕਿ ਉਸਦੀ ਵਿਆਹੁਤਾ ਲੜਕੀ ਮੀਨੂ ਦੀ ਮੌਤ ਨੂੰ ਆਤਮ ਹੱਤਿਆ ਦਾ ਮਾਮਲਾ ਮੰਨਕੇ ਸਿਵਿਲ ਲਾਈਨ ਥਾਨਾ ਪੁਲੀਸ ਵਿੱਚ ਕੇਸ ਦਰਜ ਕੀਤਾ ਗਿਆ ਹੈ, ਜਦੋਂ ਕਿ ਉਸਦੀ ਲੜਕੀ ਨੇ ਆਤਮ ਹੱਤਿਆ ਨਹੀਂ ਕੀਤੀ, ਸਗੋਂ ਉਸ ਦੀ ਹੱਤਿਆ ਕੀਤੀ ਗਈ ਹੈ। ਐੱਸਪੀ ਨਰਿੰਦਰ ਬਿਜਾਰਨੀਆਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਇਨਸਾਫ ਦਿਵਾਉਣਗੇ।