ਰਤਨ ਸਿੰਘ ਢਿੱਲੋਂ
ਅੰਬਾਲਾ, 20 ਨਵੰਬਰ
ਅੱਜ ਸਵੇਰੇ 9 ਵਜੇ ਤਿੰਨ ਜਣੇ ਨੇ ਅਦਾਲਤੀ ਅਹਾਤੇ ਵਿਚ ਵਕੀਲ ਸ਼ੈਲੇਂਦਰ ਮੋਹਨ ਦੇ ਚੈਂਬਰ ਵਿਚ ਦਾਖਲ ਹੋ ਗਏ ਅਤੇ ਉਸ ਉੱਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਹਾਲਤ ਵਿਚ ਸ਼ੈਲੇਂਦਰ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਹਮਲੇ ਪਿੱਛੇ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਵਕੀਲ ਦੀ ਸ਼ਿਕਾਇਤ ’ਤੇ ਰਾਜੂ ਸਮੇਤ ਤਿੰਨ ਜਣਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਫਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਹਸਪਤਾਲ ਵਿਚ ਮੀਡੀਆ ਨਾਲ ਗੱਲ ਕਰਦਿਆਂ ਸ਼ੈਲੇਂਦਰ ਮੋਹਨ ਨੇ ਦੱਸਿਆ ਕਿ ਉਹ ਸਵੇਰੇ 8.40 ਵਜੇ ਜਦੋਂ ਆਪਣੇ ਚੈਂਬਰ ਵਿਚ ਪਹੁੰਚਿਆ ਤਾਂ ਮੂੰਹ ਢੱਕ ਇਕ ਲੜਕਾ ਆਇਆ ਜਿਸ ਨੇ ਨਾਂ ਪੁੱਛਿਆ ਅਤੇ ਫਿਰ ਆਪਣੇ ਦੋ ਹੋਰ ਸਾਥੀਆਂ ਨੂੰ ਅੰਦਰ ਬੁਲਾ ਲਿਆ। ਉਨ੍ਹਾਂ ਵਿਚੋਂ ਇਕ ਨੇ ਆਪਣੇ ਉੱਪਰ ਲਿਆ ਹੋਇਆ ਕੱਪੜਾ ਚੈਂਬਰ ਦੇ ਦਰਵਾਜ਼ੇ ’ਤੇ ਤਾਣ ਦਿੱਤਾ ਅਤੇ ਜਦੋਂ ਤੱਕ ਉਹ ਸੰਭਲਦਾ ਉਸ ਉੱਤੇ ਚਾਕੂਆਂ ਨਾਲ ਬਾਂਹ, ਮੋਢੇ ਤੇ ਪੇਟ ਊੱਤੇ ਕਈ ਵਾਰ ਕੀਤੇ ਗਏ। ਵਕੀਲ ਅਨੁਸਾਰ ਹਮਲਾਵਰਾਂ ਕੋਲ ਦੋ ਚਾਕੂ ਸਨ। ਉਸ ਅਨੁਸਾਰ ਗੁਆਂਢੀਆਂ ਨੇ ਉਨ੍ਹਾਂ ਦੇ ਪਲਾਟ ’ਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਊਹ ਕੇਸ ਹਾਰ ਗਏ ਸਨ। ਇਸ ਤੋਂ ਪਹਿਲਾਂ ਉਹ ਵਕੀਲ ਦੇ ਪਿਤਾ ’ਤੇ ਵੀ ਹਮਲਾ ਕਰ ਚੁੱਕੇ ਹਨ। ਸੂਚਨਾ ਮਿਲਦਿਆਂ ਹੀ ਐੱਸਐੱਚਓ ਰਾਮ ਕੁਮਾਰ ਕੋਰਟ ਕੰਪਲੈਕਸ ਪਹੁੰਚੇ ਅਤੇ ਵਾਰਦਾਤ ਵਾਲੀ ਥਾਂ ਦਾ ਮੁਆਇਨਾ ਕੀਤਾ। ਪੁਲੀਸ ਨੇ ਵਕੀਲ ਦੇ ਬਿਆਨ ਕਲਮਬੰਦ ਕਰ ਲਏ ਹਨ।