ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 31 ਜੁਲਾਈ
ਅੰਬਾਲਾ ਜ਼ਿਲ੍ਹੇ ਦੇ ਪਿਲਖਨੀ ਪਿੰਡ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਹਮਲਾਵਰਾਂ ਨੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਜਾਨ ਲੇਵਾ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਇਨ੍ਹਾਂ ਵਿਚੋਂ 2 ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ, ਜਦੋਂ ਕਿ ਇਕ ਨੂੰ ਜੀਐੱਮਸੀਐਚ ਸੈਕਟਰ-21 ਚੰਡੀਗੜ੍ਹ ਅਤੇ ਦੂਜੇ ਨੂੰ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਦਾਖਲ ਕਰਾਇਆ ਗਿਆ ਹੈ। ਤਿੰਨ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਹਾ ਪੁਲੀਸ ਨੇ ਸੰਗਰਾਮ ਸਿੰਘ, ਮੁੰਨਾ ਰਾਣਾ, ਮੰਨੀ ਰਾਣਾ, ਬਿੱਲਾ ਰਾਣਾ, ਵਿਭੂ ਰਾਣਾ, ਸੰਨੀ ਬਨੀਆ, ਨੀਰਜ ਅਤੇ ਧੀਰਜ 8 ਜਣਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਿਲਖਨੀ ਨਿਵਾਸੀ ਜਗਰੂਪ ਸਿੰਘ ਨੇ ਦੱਸਿਆ ਕਿ ਸਾਲ 2015 ਵਿਚ ਸੰਗਰਾਮ ਸਿੰਘ ਨੇ ਉਸ ਦੀ ਚਚੇਰੀ ਭੈਣ ਨਾਲ ਛੇੜ-ਛਾੜ ਕੀਤੀ ਸੀ, ਜਿਸ ਦੇ ਖ਼ਿਲਾਫ਼ ਕੇਸ ਦਰਜ ਹੋਇਆ ਸੀ ਪਰੰਤੂ ਬਾਅਦ ਵਿੱਚ ਸਮਝੌਤਾ ਹੋ ਗਿਆ ਸੀ। ਸੰਗਰਾਮ ਸਿੰਘ ਨੇ ਇਸ ਗੱਲ ਦੀ ਰੰਜਿਸ਼ ਆਪਣੇ ਮਨ ਵਿੱਚ ਰੱਖੀ।ਅੱਜ ਜਦੋਂ ਉਹ ਮੋਟਰਸਾਈਕਲ ’ਤੇ ਆਪਣੇ ਸਾਥੀ ਸਤਵਿੰਦਰ ਸਿੰਘ ਨੇ ਨਾਲ ਜਾ ਰਿਹਾ ਸੀ ਤਾਂ ਸੰਗਰਾਮ ਸਿੰਘ ਤੇ ਉਸ ਦੇ ਸਾਥੀਆਂ ਨੇ ਰਾਹ ਰੋਕ ਕੇ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਜਗਰੂਪ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਸੰਗਰਾਮ ਸਿੰਘ, ਮੰਨੀ ਰਾਣਾ ਅਤੇ ਬਿੱਲੇ ਨੇ ਗੰਡਾਸੀ ਤੇ ਕਿਰਪਾਨ ਨਾਲ ਉਸ ਦੇ ਸਿਰ ’ਤੇ ਅਤੇ ਮੁੰਨਾ ਨੇ ਕਿਰਪਾਨ ਨਾਲ ਉਸ ਦੇ ਪੇਟ ’ਤੇ ਵਾਰ ਕੀਤਾ। ਵਿਭੂ ਨੇ ਉਸ ਦੇ ਪੈਰ ’ਤੇ ਕਿਰਪਾਨ ਮਾਰੀ ਜਦੋਂ ਕਿ ਸੰਨੀ ਬਨੀਆ, ਨੀਰਜ ਅਤੇ ਧੀਰਜ ਪੰਜਾਬੀ ਨੇ ਡੰਡਿਆਂ-ਬਿੰਡਿਆਂ ਨਾਲ ਕੁੱਟਿਆ-ਮਾਰਿਆ। ਉਨ੍ਹਾਂ ਸਭ ਨੂੰ ਅਧਮੋਇਆ ਕਰਕੇ ਹਮਲਾਵਰ ਫ਼ਰਾਰ ਹੋ ਗਏ।