ਮਹਾਂਵੀਰ ਮਿੱਤਲ
ਜੀਂਦ, 18 ਸਤੰਬਰ
ਡੀਸੀ ਨਰੇਸ਼ ਕੁਮਾਰ ਨਰਵਾਲ ਨੇ ਪਿੰਡ ਪੋਲੀ ਦੇ ਪਟਵਾਰੀ ਸੁਭਾਸ਼ ਨੂੰ ਖਰੀ-ਖਰੀ ਸੁਣਾਉਂਦੇ ਹੋਏ ਤੁਰੰਤ ਪ੍ਰਭਾਵ ਅਧੀਨ ਮੁਅੱਤਲ ਕਰ ਦਿੱਤਾ ਹੈ। ਪਟਵਾਰੀ ਸੁਭਾਸ਼ ਕੋਲ ਪਾਣੀ ਨਾਲ ਭਰੇ ਖੇਤ ਦੀ ਜਮ੍ਹਾਂ-ਬੰਦੀ ਨਹੀਂ ਸੀ। ਡੀਸੀ ਨੇ ਪਟਵਾਰੀ ਨੂੰ ਸਸਪੈਂਡ ਕਰਨ ਮਗਰੋਂ ਹੋਰ ਕਰਮਚਾਰੀਆਂ ਨੂੰ ਸੁਨੇਹਾ ਦਿੱਤਾ ਕਿ ਕੰਮ ਵਿੱਚ ਕਿਸੇ ਪ੍ਰਕਾਰ ਦੀ ਲਾਪ੍ਰਵਾਹੀ ਅਤੇ ਢਿੱਲ ਹੁਣ ਜੀਂਦ ਵਿੱਚ ਨਹੀਂ ਚੱਲੇਗੀ।
ਲਾਪ੍ਰਵਾਹੀ ਅਤੇ ਢਿੱਲ ਵਰਤਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਉੱਤੇ ਕਾਰਵਾਈ ਹੋਵੇਗੀ। ਡੀਸੀ ਦੀ ਇਸ ਕਾਰਵਾਈ ਤੋਂ ਜ਼ਿਲ੍ਹੇ ਵਿੱਚ ਕੰਮਚੋਰ ਅਤੇ ਲਾਪ੍ਰਵਾਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਹੱਲ-ਚੱਲ ਜਿਹੀ ਮੱਚ ਗਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਡੀਸੀ ਨਰੇਸ਼ ਕੁਮਾਰ ਜੁਲਾਨਾ ਦੇ ਪਿੰਡ ਪੋਲੀ, ਹੱਥਵਾਲਾ, ਦੇਵਰੜ ਅਤੇ ਅਕਾਲਗੜ੍ਹ ਆਦਿ ਪਿੰਡਾਂ ਦੇ ਦੌਰਾ ਉੱਤੇ ਗਏ ਸੀ। ਇਨ੍ਹਾਂ ਪਿੰਡਾਂ ਵਿੱਚ ਬੀਤੇ ਦਿਨ ਪਏ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਭਰ ਗਿਆ ਸੀ। ਖੇਤਾਂ ਵਿੱਚ ਜਲ ਭਰਾਓ ਦਾ ਜਾਇਜ਼ਾ ਲੈਂਦੇ ਹੋਏ ਡੀਸੀ ਨਰੇਸ਼ ਕੁਮਾਰ ਨੇ ਪੋਲੀ ਦੇ ਪਟਵਾਰੀ ਸੁਭਾਸ਼ ਤੋਂ ਜਮ੍ਹਾਂਬੰਦੀ ਦਾ ਰਿਕਾਰਡ ਮੰਗਿਆ ਪਰੰਤੂ ਪਟਵਾਰੀ ਨੇ ਕਿਹਾ ਕਿ ਉਸਦੇ ਕੋਲ ਗਿਰਦਾਵਰੀ ਹੈ। ਇਹ ਸੁਣ ਕੇ ਡੀਸੀ ਪਟਵਾਰੀ ਉੱਤੇ ਖਾਸਾ ਨਰਾਜ਼ ਹੋਏ ਅਤੇ ਪਟਵਾਰੀ ਨੂੰ ਖਰੀਆਂ ਖੋਟੀਆਂ ਸੁਣਾਈਆਂ। ਡੀਸੀ ਨੇ ਉਸਨੂੰ ਕਿਹਾ ਕਿ ਕੀ ਤੁਹਾਨੂੰ ਪਤਾ ਨਹੀਂ ਹੈ ਕਿ ਮੌਕੇ ਉੱਤੇ ਜਮ੍ਹਾਂਬੰਦੀ, ਗਿਰਦਾਵਰੀ ਅਤੇ ਖਸਰਾ ਸਭ ਕੁੱਝ ਹੋਣਾ ਚਾਹੀਦਾ ਸੀ। ਇਸਦੇ ਨਾਲ ਹੀ ਡੀਸੀ ਨੇ ਤਹਿਸੀਲਦਾਰ ਦੀ ਵੀ ਖਿਚਾਈ ਕੀਤੀ, ਕਿਉਂਕਿ ਤਹਿਸੀਲਦਾਰ ਨੇ ਪਹਿਲਾਂ ਹੀ ਉੱਥੇ ਪਹੁੰਚ ਕੇ ਸਾਰੇ ਰਿਕਾਰਡ ਦੀ ਤਿਆਰੀ ਕਰਨੀ ਸੀ। ਡੀਸੀ ਨੇ ਪੋਲੀ ਦੇ ਪਟਵਾਰੀ ਸੁਭਾਸ਼ ਨੂੰ ਤੁਰੰਤ ਪ੍ਰਭਾਵ ਅਧੀਨ ਪਟਵਾਰੀ ਨੂੰ ਸਸਪੈਂਡ ਕਰ ਕੇ ਉਸਦਾ ਚਾਰਜ ਦੁਸਰੇ ਪਟਵਾਰੀ ਨੂੰ ਦੇਣ ਦਾ ਆਦੇਸ਼ ਡੀਆਰਓ ਚੰਦਰ ਮੋਹਨ ਨੂੰ ਦਿੱਤੇ ਗਏ।