ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 23 ਨਵੰਬਰ
ਆਹਮੋ-ਸਾਹਮਣੇ ਝੜਪ ਮਗਰੋਂ ਨੌ ਪਿੰਡਾਂ ਦੇ ਕਿਸਾਨਾਂ ਦੇ ਭਖਵੇਂ ਵਿਰੋਧ ਦੇ ਬਾਵਜੂਦ ਅੱਜ ਐੱਨਐਚਏਆਈ ਨੇ ਜ਼ਿਲ੍ਹਾ ਸਿਰਸਾ ਦੀ ਸਮੁੱਚੀ ਪੁਲੀਸ, ਸੀਆਰਪੀਐੱਫ ਅਤੇ ਪ੍ਰਸ਼ਾਸਨ ਨੇ ਭਾਰਤ ਮਾਲਾ ਨੈਸ਼ਨਲ ਹਾਈਵੇ-754 ਨਿਰਮਾਣ ਲਈ ਕਬਜ਼ਾ ਲੈ ਲਿਆ। ਪਿੰਡ ਸ਼ੇਰਗੜ੍ਹ ਵਿਖੇ ਇਸ ਦਾ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਪਰ ਪੁਲੀਸ ਨੇ ਜੇਸੀਬੀ ਮੂਹਰੇ ਆਉਂਦੇ ਕਿਸਾਨਾਂ ਨੂੰ ਜ਼ਬਰਦਸਤੀ ਹਟਾ ਦਿੱਤਾ। ਪੁਲੀਸ ਨੇ ਕਿਸਾਨਾਂ ਦੇ ਆਗੂ ਰਾਕੇਸ਼ ਫਾਗੋੜੀਆ ਨੂੰ ਹਿਰਾਸਤ ’ਚ ਲੈ ਲਿਆ। ਕਿਸਾਨ ਨੇ ਗਿ੍ਫ਼ਤਾਰੀ ਖ਼ਿਲਾਫ਼ ਸੰਘਰਸ਼ ਵਿੱਢ ਦਿੱਤਾ। ਪ੍ਰਸ਼ਾਸਨ ਨੇ ਬਦਲਵੀਂ ਰਣਨੀਤੀ ਤਹਿਤ ਭਾਰੀ ਫੋਰਸ ਅਤੇ ਦਰਜਨਾਂ ਜੇਸੀਬੀ ਅਤੇ ਜਲ ਤੋਪਾਂ ਅਤੇ ਸਮੇਤ ਅਗਾਮੀ ਪਿੰਡ ਸਕਤਾਖੇੜਾ ਤੋਂ ਕਬਜ਼ਾ ਮੁਹਿੰਮ ਵਿੱਢ ਦਿੱਤੀ।
ਇਸ ਤੋਂ ਪਹਿਲਾਂ ਅੱਜ ਐੱਨਐੱਚਆਈਏ ਨੇ ਪੂਰੀ ਤਿਆਰੀ ਅਤੇ ਦਮ-ਖਮ ਨਾਲ ਐੱਸਡੀਐੱਮ ਰਾਜੇਸ਼ ਪੁਨੀਆ, ਡੀਐੱਸਪੀ ਕੁਲਦੀਪ ਬੈਣੀਵਾਲ ਅਤੇ ਡੀਐੱਸਪੀ (ਸਿਰਸਾ) ਸੰਜੈ ਕੁਮਾਰ ਬਿਸ਼ਨੋਈ ਸਮੇਤ ਦਰਜਨਾਂ ਜੇਸੀਬੀ ਮਸ਼ੀਨਾਂ ਜਰੀਏ ਨਿਰਮਾਣ ਕਾਰਜ ਲਈ ਕਦਮ ਪੁੱਟਿਆ। ਜ਼ਮੀਨ ਅਕੁਆਇਰ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕਿਸਾਨਾ ਦੇ ਵਿਰੋਧ ਕਾਰਨ ਪ੍ਰਸ਼ਾਸਨ ਖਾਲ੍ਹੀ ਮੁੜਦਾ ਰਿਹਾ। ਇਸ ਕਾਰਨ ਸੜਕ ਦੀ ਉਸਾਰੀ ਰੁਕ ਰਹੀ। ਡੱਬਵਾਲੀ ਹਲਕੇ ਦੇ ਨੌ ਪਿੰਡਾਂ ਚੌਟਾਲਾ, ਆਸਾਖੇੜਾ, ਅਬੁੱਬਸ਼ਹਿਰ, ਸਕਤਾਖੇੜਾ, ਸੁਖੇਰਾਖੇੜਾ, ਸ਼ੇਰਗੜ, ਜੋਗੇਵਾਲਾ, ਅਲੀਕਾਂ ਅਤੇ ਡੱਬਵਾਲੀ ਵਿੱਚੋਂ ਐੱਨਐੱਚ-754 ਦਾ ਲਗਪਗ 24 ਕਿਲੋਮੀਟਰ ਹਿੱਸਾ ਲੰਘਦਾ ਹੈ। ਇਹ ਅੰਮਿ੍ਤਸਰ ਤੋਂ ਵਾਇਆ ਹਰਿਆਣਾ-ਰਾਜਸਥਾਨ ਪਾਰ ਕਰਕੇ ਗੁਜਰਾਤ ਜਾਵੇਗਾ।