ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 23 ਦਸੰਬਰ
ਡੱਬਵਾਲੀ ਅਗਨੀ ਕਾਂਡ ਦੀ 25ਵੀਂ ਬਰਸੀ ’ਤੇ ਅੱਜ ਹਾਦਸੇ ਦੇ 442 ਮ੍ਰਿਤਕਾਂ ਨੂੰ ਉਨ੍ਹਾਂ ਦੇ ਵਾਰਸਾਂ, ਪੀੜਤਾਂ, ਸ਼ਹਿਰ ਵਾਸੀਆਂ ਨੇ ਸ਼ਰਧਾਂਜਲੀਆਂ ਦੇ ਕੇ ਯਾਦ ਕੀਤਾ। ਘਟਨਾ ਸਮੇਂ ਸਮੇਂ ਮਹਿਜ਼ ਛੇ-ਸੱਤ ਦਾ ਪੀੜਤ ਰੋਹਿਤ ਜੋਸ਼ੀ ਵੀ ਅੱਜ ਨਵੀਂ ਵਿਆਹੀ ਪਤਨੀ ਸ਼ਵੇਤਾ ਜੋਸ਼ੀ ਸਣੇ ਹਾਦਸੇ ਦੇ ਕੌੜੇ ਇਤਿਹਾਸ ਤੋਂ ਜਾਣੂ ਕਰਵਾਉਣ ਪੁੱਜਾ। ਮਾਸਟਰ ਹਰਪਾਲ ਸਿੰਘ ਵੀ ਹਾਦਸੇ ’ਚ ਵਿਛੜੀ ਪਤਨੀ ਤੇ ਬੱਚੀ ਦੀਆਂ ਤਸਵੀਰਾਂ ਦੇਖ ਕੇ ਭਾਵੁਕ ਹੋ ਉੱਠੇ। ਹਾਦਸੇ ’ਚ ਝੁਲਸੇ ਅੰਗਹੀਣ ਉਮੇਸ਼ ਮਿੱਤਲ ਅਤੇ ਸ਼ੁਮਨ ਕੌਸ਼ਲ ਨੇ ਕਿਹਾ ਕਿ ਪੱਚੀ ਸਾਲ ਲੰਘ ਗਏ ਹਨ ਪਰ ਉਸ ਅੱਗ ਦਾ ਸੇਕ ਅੱਜ ਵੀ ਮਹਿਸੂਸ ਹੁੰਦਾ ਹੈ।
ਇਸ ਮੌਕੇ ਅਗਨੀ ਕਾਂਡ ਸਮਾਰਕ ’ਤੇ ਪਾਠ ਦੇ ਭੋਗ ਤੇ ਹਵਨ ਯੱਗ ਕਰ ਕੇ ਮ੍ਰਿਤਕਾਂ ਨਮਿਤ ਅਰਦਾਸ ਕੀਤੀ ਗਈ। ਹਾਦਸੇ ਦੇ ਸਮੇਂ ਦੁਪਹਿਰ 1 ਵੱਜ ਕੇ 47 ਮਿੰਨ ’ਤੇ ਦੋ ਮਿੰਟ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਹਮੇਸ਼ਾਂ ਵਾਂਗ ਅੱਜ ਵੀ ਮੁੜ ਅਗਨੀਕਾਂਡ ਸਮਾਰਕ ਨੂੰ ਰਾਜਕੀਯ ਸਮਾਰਕ ਦਾ ਦੇਣ ਦੀ ਮੰਗ ਉੱਠੀ। ਇਸ ਮੌਕੇ ਜਨਨਾਇਕ ਜਨਤਾ ਪਾਰਟੀ ਦੇ ਸਰਪ੍ਰਸਤ ਅਜੈ ਸਿੰਘ ਚੌਟਾਲਾ, ਵਿਧਾਇਕ ਨੈਨਾ ਸਿੰਘ, ਵਿਧਾਇਕ ਅਮਿਤ ਸਿਹਾਗ, ਸਿਰਸਾ ਦੇ ਡੀਸੀ ਪ੍ਰਦੀਪ ਕੁਮਾਰ, ਏ ਡੀਸੀ ਉੱਤਮ ਸਿੰਘ, ਐੱਸਡੀਐਮ ਅਸ਼ਵਨੀ ਕੁਮਾਰ ਤੇ ਜੇਜੇਪੀ ਦੇ ਰਣਵੀਰ ਰਾਣਾ ਵੀ ਸ਼ਰਧਾਂਜਲੀ ਦੇਣ ਪੁੱਜੇ।
ਵਿਧਾਇਕ ਅਮਿਤ ਸਿਹਾਗ ਨੇ ਆਗਾਮੀ ਪੀੜ੍ਹੀਆਂ ਨੂੰ ਹਾਦਸਿਆਂ ਪ੍ਰਤੀ ਸੁਚੇਤ ਕਰਨ ਲਈ ਰਾਜਕੀਯ ਸਮਾਰਕ ਦਾ ਦਰਜਾ ਦੇਣ ਲਈ ਪ੍ਰਸ਼ਾਸਨ ਅਤੇ ਨਗਰ ਕੌਂਸਲਰਾਂ ਨੂੰ ਨਗਰ ਪ੍ਰੀਸ਼ਦ ਦਾ ਮਤਾ ਪਾਸ ਕਰ ਕੇ ਦੇਣ ਲਈ ਕਿਹਾ। ਉਨ੍ਹਾਂ ਸਰਕਾਰ ਤੋਂ ਡੱਬਵਾਲੀ ਦੀ ਸਰਕਾਰੀ ਲਾਇਬ੍ਰੇਰੀ ਨੂੰ ਅਗਨੀਕਾਂਡ ਸਮਾਰਕ ’ਚ ਸਥਿਤ ਈ-ਲਾਈਬ੍ਰੇਰੀ ਵਿੱਚ ਲਿਆ ਕੇ ਇਸ ਸੁਚੱਜੇ ਢੰਗ ਨਾਲ ਚਲਾਉਣ ਦੀ ਅਪੀਲ ਕੀਤੀ। ਡੀਸੀ ਪਰਦੀਪ ਕੁਮਾਰ ਨੇ ਆਖਿਆ ਕਿ ਉਹ ਹਾਦਸਾ ਬੇਹੱਦ ਹੌਲਨਾਕ ਸੀ ਉਸ ਨੂੰ ਯਾਦ ਕਰ ਕੇ ਅੱਜ ਵੀ ਦਿਲ ਬੈਠ ਜਾਂਦਾ ਹੈ।
ਅਗਨੀ ਪੀੜਤ ਅਤੇ ਸਟੇਜ ਸਕੱਤਰ ਰਮੇਸ਼ ਸੱਚਦੇਵਾ ਨੇ ਸੁਮਨ ਕੌਸ਼ਲ ਨੂੰ ਨੌਕਰੀ ਦਿੱਤੇ ਜਾਣ ਦਾ ਮਸਲਾ ਉਠਾਉਂਦੇ ਹੋਏ ਸਰਕਾਰੀ ਅੰਗਹੀਣ ਸਕੀਮਾਂ ’ਚ ਅਗਨੀ ਪੀੜਤਾਂ ਨੂੰ ਤਰਜੀਹ ਦਿੱਤੇ ਜਾਣ ਦੀ ਮੰਗ ਕੀਤੀ। ਇਸ ਦੇ ਇਲਾਵਾ ਸ਼ਹੀਦਾਂ ਦੀ ਯਾਦ ’ਚ ਸਰਕਾਰੀ ਹਸਪਤਾਲ ਵਿਚ ਐਨਜੀਓ ‘ਅਪਨੇ’ ਵੱਲੋਂ ਲਗਾਏ ਖ਼ੂਨਦਾਨ ਕੈਂਪ ’ਚ 671 ਅਤੇ ਯੁਵਾ ਰਕਤਦਾਨ ਸੁਸਾਇਟੀ ਦੇ ਖ਼ੂਨਦਾਨ ਕੈਂਪ ’ਚ 141 ਜਣਿਆਂ ਨੇ ਖ਼ੂਨ ਦਾਨ ਕੀਤਾ।