ਨਿੱਜੀ ਪੱਤਰ ਪ੍ਰੇਰਕ
ਸਿਰਸਾ, 23 ਅਗਸਤ
ਇਥੋਂ ਦੇ ਰਾਣੀਆਂ ਰੋਡ ਸਥਿਤ ਪੁਟੇਲਾ ਕਾਟਨ ਫੈਕਟਰੀ ਅੰਦਰ ਇਕ ਰਿਹਾਇਸ਼ੀ ਮਕਾਨ ਦੀ ਰਸੋਈ ਵਿੱਚ ਗੈਸ ਸਿਲੰਡਰ ਫਟ ਗਿਆ, ਜਿਸ ਨਾਲ ਰਸੋਈ ਅੰਦਰਲੇ ਸਮਾਨ ਨੂੰ ਕਾਫੀ ਨੁਕਸਾਨ ਪੁੱਜਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਨੂੰ ਅੱਗੇ ਵੱਧਣ ਤੋਂ ਰੋਕਿਆ ਤੇ ਜਲਦੀ ਹੀ ਕਾਬੂ ਪਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਟੇਲਾ ਕਾਟਨ ਫੈਕਟਰੀ ਅੰਦਰ ਸਥਿਤ ਇਕ ਮਕਾਨ ’ਚ ਰਹਿੰਦੇ ਇਕ ਵਿਅਕਤੀ ਨੇ ਆਪਣੀ ਰਸੋਈ ਵਿੱਚ ਨਵਾਂ ਗੈਸ ਸਿਲੰਡਰ ਲਾ ਕੇ ਖਾਣਾ ਬਣਾਉਣ ਲੱਗਾ ਤਾਂ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ। ਉਥੇ ਰਹਿੰਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋਏ ਤਾਂ ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਜਦੋਂ ਤੱਕ ਫਾਇਰ ਬ੍ਰਿਗੇਡ ਦਾ ਅਮਲ ਅੱਗ ’ਤੇ ਕਾਬੂ ਪਾਉਣ ਲਈ ਪਹੁੰਚਿਆ ਉਸ ਤੋਂ ਪਹਿਲਾਂ ਸਿਲੰਡਰ ਫਟ ਗਿਆ ਪਰ ਜਲਦੀ ਹੀ ਅੱਗ ’ਤੇ ਕਾਬੂ ਪਾ ਲਿਆ ਗਿਆ ਜਿਸ ਨਾਲ ਵੱਡਾ ਨੁਕਸਾਨ ਹੋਣੋ ਬਚ ਗਿਆ।