ਦੇਵਿੰਦਰ ਸਿੰਘ
ਯਮੁਨਾਨਗਰ, 29 ਦਸੰਬਰ
ਸੈਂਕੜੇ ਲੋਕਾਂ ਨੇ ਅੱਜ ਸਹਾਰਾ ਇੰਡੀਆ ਦੀ ਕ੍ਰੈਡਿਟ ਕੋਆਪਰੇਟਿਵ ਸੁਸਾਇਟੀ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਅਤੇ ਆਪਣੀ ਜਮ੍ਹਾਂ ਪੂੰਜੀ ਵਾਪਸ ਕਰਨ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਦਵਿੰਦਰ ਕੁਮਾਰ, ਤਰਸੇਮ ਲਾਲ, ਨੀਲਮ ਰਾਣੀ, ਅਮਰਜੀਤ ਕੌਰ, ਭੁਪਿੰਦਰ ਕੌਰ, ਗੁਰਚਰਨ ਸਿੰਘ ਅਨਿਲ, ਖਲੀਲ ਅਹਿਮਦ, ਜਾਵੇਦ ਖਾਨ, ਬਲਬੀਰ ਸਿੰਘ, ਡਿੰਪਲ ਅਤੇ ਅਖਿਲੇਸ਼ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਯਮੁਨਾਨਗਰ ਦੇ ਲਗਪਗ 15-20 ਹਜ਼ਾਰ ਲੋਕਾਂ ਦੇ ਇਸ ਕੰਪਨੀ ਵਿੱਚ 60-65 ਕਰੋੜ ਰੁਪਏ ਜਮ੍ਹਾਂ ਹਨ। ਉਨ੍ਹਾਂ ਕਿਹਾ ਕਿ ਇਸ ਸੁਸਾਇਟੀ ਵੱਲੋਂ ਇਨ੍ਹਾਂ ਲੋਕਾਂ ਦੀ ਜਮ੍ਹਾਂ ਪੂੰਜੀ ਵਾਪਸ ਨਹੀਂ ਕੀਤੀ ਜਾ ਰਹੀ। ਪੀੜਤਾਂ ਨੇ ਕਿਹਾ ਕਿ ਭੋਪਾਲ ਅਤੇ ਛਤੀਸਗੜ੍ਹ ਵਿੱਚ ਪ੍ਰਸ਼ਾਸਨ ਨੇ ਲੋਕਾਂ ਦੀਆਂ ਤਕਲੀਫ਼ਾ ਸੁਣ ਕੇ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਭੁਗਤਾਨ ਵਾਪਸ ਕਰਵਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਭੋਪਾਲ ਤੇ ਛਤੀਸਗੜ੍ਹ ਵਾਂਗ ਯਮੁਨਾਨਗਰ ਜ਼ਿਲ੍ਹਾ ਪ੍ਰਸ਼ਾਸਨ ਵੀ ਉਨ੍ਹਾਂ ਦੀ ਰਕਮ ਵਾਪਸ ਕਰਵਾਏ।