ਪੱਤਰ ਪ੍ਰੇਰਕ
ਯਮੁਨਾਨਗਰ, 14 ਮਾਰਚ
ਮੁਕੰਦ ਲਾਲ ਨੈਸ਼ਨਲ ਕਾਲਜ ਵਿੱਚ ਕਰਵਾਈ ਗਈ ਐਲੂਮਨੀ ਮੀਟ ਵਿੱਚ ਸੰਨ 1955 ਤੋਂ ਲੈ ਕੇ 2000 ਤੱਕ ਦੇ ਲਗਪਗ 121 ਸਾਬਕਾ ਵਿਦਿਆਰਥੀ ਸ਼ਾਮਲ ਹੋਏ। ਇਨ੍ਹਾਂ ਵਿੱਚ ਡਾਕਟਰ ਅਰੁਣ ਗੁਪਤਾ, ਡਾ. ਰਿੱਤੂ ਕੁਮਾਰ, ਡਾ. ਪਵਨ ਸ਼ਰਮਾ, ਵਿਗਿਆਨਕ ਅਤੇ ਪ੍ਰੋਫੈਸਰ ਆਰਗੇਨਿਕ ਕਮਿਸਟਰੀ ਕੁਰੂਕਸ਼ੇਤਰ ਯੂਨੀਵਰਸਿਟੀ, ਡਾ. ਮਨੋਹਰ ਗੋਇਲ, ਡਾ. ਅੰਕੇਸ਼ਵਰ ਸੀਈਓ ਕੁਰੂਕਸ਼ੇਤਰ ਯੁਨੀਵਰਸਿਟੀ, ਡਾ. ਸ਼੍ਰੀ ਪ੍ਰਕਾਸ਼, ਸ੍ਰੀ ਆਨੰਦ ਚੌਧਰੀ, ਸਾਬਕਾ ਡੀਈਓ ਡਾ. ਨੀਤੀ ਦਰਿਆਲ, ਯਮੁਨਾਨਗਰ ਦੇ ਸਾਬਕਾ ਸੀਐਮਓ ਡਾ. ਵਿਜੇ ਦਹੀਆ ਸ਼ਾਮਲ ਸਨ। ਸਮਾਗਮ ਦਾ ਉਦਘਾਟਨ ਮੁਕੰਦ ਲਾਲ ਵਿਦਿਅਕ ਸੰਸਥਾਵਾਂ ਦੇ ਜਨਰਲ ਸਕੱਤਰ ਡਾ. ਰਮੇਸ਼ ਕੁਮਾਰ ਨੇ ਕੀਤਾ ਅਤੇ ਕਾਲਜ ਦੀ ਸਥਾਪਨਾ ਤੋਂ ਲੈ ਕੇ ਸੰਨ 1962 ਵਿੱਚ ਭਾਰਤ ਚੀਨ ਯੁੱਧ ਦੇ ਸਮੇਂ ਮੇਜਰ ਥਾਪਾ ਨਾਲ ਕਾਲਜ ਦੀਆਂ ਛੇ ਐਨਸੀਸੀ ਯੂਨਿਟਾਂ ਦੀ ਇੰਚਾਰਜ ਚਿਤਰਾ ਦੀਆਂ ਫੋਟੋਆਂ ਨਾਲ ਯਾਦਾਂ ਤਾਜ਼ਾ ਕੀਤੀਆਂ। ਇਸ ਮੌਕੇ ਉਨ੍ਹਾਂ ਮਹਿਮਾਨਾਂ ਨੂੰ ਸ਼ਾਲ ਅਤੇ ਬੂਟੇ ਦੇ ਕੇ ਸਨਮਾਨਿਤ ਕੀਤਾ। ਪ੍ਰਬੰਧਕ ਕਾਲਜ ਦੇ ਪ੍ਰਿੰਸੀਪਲ ਡਾ. ਰਾਹੁਲ ਖੰਨਾ ਨੇ ਕਿਹਾ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਪੁਰਾਣੇ ਵਿਦਿਆਰਥੀਆਂ ਨੂੰ ਆਪਣੇ ਕਾਲਜ ਨਾਲ ਜੋੜਨਾ ਅਤੇ ਸਾਂਝਾ ਮੰਚ ਪ੍ਰਦਾਨ ਕਰਨਾ ਹੈ। ਇਸ ਦੌਰਾਨ ਪੁਰਾਣੇ ਵਿਦਿਆਰਥੀਆਂ ਨਵਿਆਂ ਨਾਲ ਕਈ ਨੁਕਤੇ ਸਾਂਝੇ ਕੀਤੇ। ਸਮਾਗਮ ਦੇ ਸੰਯੋਜਕ ਡਾ. ਸ੍ਰੀ ਪ੍ਰਕਾਸ਼ ਅਤੇ ਡਾ. ਨੀਤੀ ਦਰਿਆਲ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੇ ਇੱਕ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਅਤੇ ਆਪੋ ਆਪਣੇ ਰਾਜਾਂ ਦੀ ਪ੍ਰਤੀਨਿਧਤਾ ਕੀਤੀ ।