ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 24 ਜਨਵਰੀ
ਬਾਬੈਨ ਖੇਤਰ ਵਿਚ ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੀ ਬਰਸਾਤ ਨਾਲ ਖੇਤਾਂ ਵਿਚ ਭਰਨ ਨਾਲ ਆਲੂ, ਚਾਰੇ, ਸਰ੍ਹੋਂ ਤੋਂ ਇਲਾਵਾ ਹੋਰ ਸਬਜ਼ੀਆਂ ਦੀਆਂ ਫਸਲਾਂ ਖਰਾਬ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਕਿਸਾਨਾਂ ਮੁਤਾਬਕ ਚਾਰੇ ਦੀ ਫਸਲ ਖਰਾਬ ਹੋਣ ਨਾਲ ਪਸ਼ੂਆਂ ਲਈ ਚਾਰੇ ਦਾ ਸੰਕਟ ਪੈਦਾ ਹੋਣ ਦੀ ਸੰਭਾਵਨਾ ਵਧ ਗਈ ਹੈ। ਪਿੰਡਾਂ ਦੇ ਛੱਪੜਾਂ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਰਕੇ ਵੀ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਹਨ। ਖੇਤਰ ਦੇ ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਵਿਸ਼ੇਸ਼ ਗਿਰਦਾਵਰੀ ਕਰਾ ਕੇ ਉਨਾਂ ਨੂੰ ਢੁਕਵਾਂ ਮੁਆਵਜਾ ਦੇਵੇ।
ਪਿੰਡ ਭਗਵਾਨਪੁਰ ਦੇ ਕਿਸਾਨ ਬਲਦੇਵ ਸਿੰਘ, ਰਿੰਕੂ, ਸੁਰੇਸ਼ ਕੁਮਾਰ, ਫੂਲ ਸਿੰਘ ਆਦਿ ਦਾ ਕਹਿਣਾ ਹੈ ਕਿ ਪਿੰਡ ਦੇ ਛੱਪੜ ਦੇ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਰਕੇ ਉਨ੍ਹਾਂ ਦੀ ਕਰੀਬ 30 ਏਕੜ ਚਾਰੇ, ਕਣਕ ਤੇ ਸਰੋਂ ਦੀ ਫਸਲ ਖਰਾਬ ਹੋਣ ਦੇ ਕਗਾਰ ’ਤੇ ਹੈ। ਕਿਸਾਨਾਂ ਦਾ ਕਹਿਣਾ ਹੈ ਛੱਪੜ ਦੇ ਪਾਣੀ ਦੇ ਹੱਲ ਸਬੰਧੀ ਕਈ ਵਾਰ ਬਲਾਕ ਬਾਬੈਨ ਦੇ ਦਫਤਰ ਲਿਖ ਕੇ ਦਿੱਤਾ ਹੈ ਪਰ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕਿਸਾਨਾਂ ਨੇ ਡੀਸੀ ਨੂੰ ਅਪੀਲ ਕੀਤੀ ਕਿ ਛੱਪੜ ਦਾ ਪਾਣੀ ਓਵਰ ਫਲੋ ਹੋਣ ਕਰ ਕੇ ਉਨ੍ਹਾਂ ਦੀਆਂ ਫਸਲਾਂ ਵਿੱਚ ਭਰ ਗਿਆ ਹੈ। ਇਸ ਕਰਕੇ ਛੱਪੜ ਦੇ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਕੀਤਾ ਜਾਵੇ।
ਕਿਸਾਨ ਯੂਨੀਅਨ ਨੇ ਮੁੱਖ ਮੰਤਰੀ ਦੇ ਨਾਂ ਮੈਮੋਰੰਡਮ ਦਿੱਤਾ
ਸ਼ਾਹਬਾਦ ਮਾਰਕੰਡਾ: ਬਰਸਾਤ ਕਾਰਨ ਆਲੂ, ਤੋਰੀਆ, ਸਰ੍ਹੋਂ, ਕਣਕ ਤੇ ਹੋਰ ਸਬਜ਼ੀਆਂ ਦੇ ਨੁਕਸਾਨ ਨੂੰ ਲੈ ਕੇ ਕਿਸਾਨ ਚਿੰਤਤ ਹਨ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਬੁਲਾਰੇ ਰਾਕੇਸ਼ ਬੈਂਸ ਦੀ ਅਗਵਾਈ ਵਿੱਚ ਅੱਜ ਕਿਸਾਨਾਂ ਨੇ ਸ਼ਹੀਦ ਉਧਮ ਸਿੰਘ ਸਮਾਰਕ ’ਤੇ ਇੱਕਠੇ ਹੋਣ ਮਗਰੋਂ ਐੱਸਡੀਐੱਮ ਦਫਤਰ ਜਾ ਕੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਂ ਐੱਸਡੀਐੱਮ ਨੂੰ ਮੈਮੋਰੰਡਮ ਦਿੱਤਾ। ਪੱਤਰ ਵਿੱਚ ਜਿਸ ਵਿਚ ਕਿਹਾ ਗਿਆ ਹੈ ਕਿ ਲਗਾਤਾਰ ਪੈ ਰਹੀ ਬਰਸਾਤ ਕਰਕੇ ਸੂਬੇ ਵਿਚ ਫਸਲਾਂ ਦਾ ਨੁਕਸਾਨ ਹੋਇਆ ਹੈ। ਉਨਾਂ ਨੇ ਮੰਗ ਕੀਤੀ ਹੈ ਕਿ ਸੂਬੇ ਵਿਚ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਾ ਕੇ ਉਨਾਂ ਨੂੰ ਉਨਾਂ ਦੀਆਂ ਫਸਲਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਏ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਹੈ ਕਿ ਸੂਰਜਮੁੱਖੀ ਦੀ ਬੀਜਾਈ ਦਾ ਸਮਾਂ ਆ ਗਿਆ ਹੈ ਪਰ ਬਾਜ਼ਾਰ ਵਿਚ ਸੂਰਜਮੁੱਖੀ ਦਾ ਬੀਜ ਉਪਲੱਬਧ ਨਹੀਂ ਹੈ ਤੇ ਬੀਜ ਕੰਪਨੀਆਂ ਕਾਲਾ ਬਾਜ਼ਾਰੀ ਦੀ ਫਿਰਾਕ ਵਿਚ ਹਨ। ਉਨਾਂ ਸੂਰਜਮੁੱਖੀ ਦੀ ਬੀਜ ਮੁਹੱਈਆ ਕਰਵਾਉਣ ਤੇ ਯੂਰੀਆ ਦੀ ਕਿੱਲਤ ਦੂਰ ਕਰਨ ਦੀ ਮੰਗ ਵੀ ਕੀਤੀ।