ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 6 ਮਈ
ਖੇਤਰ ਦੀ ਨਰਮਾ ਪੱਟੀ ਵਿੱਚ ਨਹਿਰੀ ਪਾਣੀ ਅਤੇ ਬਿਜਲੀ ਦੀ ਘਾਟ ਕਰਕੇ ਹਰ ਸਾਲ ਨਰਮੇ ਦੀ ਬਿਜਾਈ ਪਿਛੜ ਜਾਂਦੀ ਹੈ ਜਿਸ ਕਰਕੇ ਕਿਸਾਨਾਂ ਨੂੰ ਹਰ ਸਾਲ ਭਾਰੀ ਨੁਕਸਾਨ ਹੁੰਦਾ ਹੈ। ਕਿਸਾਨਾਂ ਵੱਲੋਂ ਨਹਿਰੀ ਪਾਣੀ ਦੀ ਕਮੀ ਨੂੰ ਪੂਰਾ ਕਰਨ ਅਤੇ ਬਿਜਲੀ ਦੀ ਦਰੁਸਤ ਸਪਲਾਈ ਦੀ ਮੰਗ ਕੀਤੇ ਜਾਣ ’ਤੇ ਵੀ ਇਹ ਮਸਲਾ ਹੱਲ ਨਹੀਂ ਹੋ ਸਕਿਆ। ਜਿਸ ਕਰਕੇ ਨਰਮਾ ਪੱਟੀ ਦੇ ਕਿਸਾਨ ਜਦੋਂ ਨਰਮੇ ਦੀ ਬਿਜਾਈ ਨਹੀਂ ਹੁੰਦੀ ਤਾਂ ਉਹ ਗੁਆਰੇ ਦੀ ਫਸਲ ਬੀਜਣ ਲਈ ਮਜਬੂਰ ਹੋ ਜਾਂਦੇ ਹਨ।
ਸਿਰਸਾ ਜ਼ਿਲਾ ਦੇ ਕਾਲਾਂਵਾਲੀ ਅਤੇ ਡੱਬਵਾਲੀ ਖੇਤਰ ਵਿੱਚ ਨਰਮੇ ਦੀ ਫਸਲ ਦੂਜੇ ਖੇਤਰਾਂ ਤੋਂ ਜ਼ਿਆਦਾ ਹੁੰਦੀ ਹੈ। ਪਰ ਜਦੋਂ ਕਣਕਾਂ ਪੱਕ ਜਾਂਦੀਆਂ ਹਨ ਤਾਂ ਉਦੋਂ ਅੱਗ ਲੱਗਣ ਦੇ ਡਰ ਤੋਂ ਟਿਊਬਵੈਲ ਲਈ ਬਿਜਲੀ ਦੀ ਸਪਲਾਈ ਕੱਟ ਦਿੱਤੀ ਜਾਂਦੀ ਹੈ ਅਤੇ ਅਪਰੈਲ ਦੇ ਅੰਤ ਤੱਕ ਕਿਸਾਨ ਆਪਣੇ ਟਿਊਬਵੈਲ ਚਲਾਉਣ ਤੋਂ ਅਸਮਰਥ ਹੋ ਜਾਂਦੇ ਹਨ। ਇਸ ਵਾਰ ਵੀ ਭਾਖੜਾ ਨਹਿਰ ਵਿੱਚ ਲੰਬੀ ਬੰਦੀ ਕਾਰਨ ਹਾਲੇ ਤੱਕ ਵੀ ਪਾਣੀ ਨਹੀਂ ਛੱਡਿਆ ਗਿਆ। ਮਈ ਮਹੀਨੇ ਵਿੱਚ ਪੈਣ ਵਾਲੀ ਤੇਜ਼ ਧੁੱਪ ਅਤੇ ਰੇਤ ਨਾਲ ਭਰੀਆਂ ਹਨੇਰੀਆਂ ਨਰਮੇ ਦੀ ਫਸਲ ਲਈ ਘਾਤਕ ਸਿੱਧ ਹੁੰਦੀਆਂ ਹਨ।
ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਸਕਦੇ ਕਿਉਂਕਿ ਸਭ ਕੁਝ ਮੁੱਖ ਦਫ਼ਤਰ ਚੰਡੀਗੜ੍ਹ ਤੋਂ ਹੀ ਤੈਅ ਹੁੰਦਾ ਹੈ।