ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਦੇ ਅਸਾਸਿਆਂ ਤੋਂ ਵੱਧ ਸੰਪਤੀ ਬਣਾਉਣ ਨਾਲ ਜੁੜੇ ਕੇਸ ਵਿੱਚ ਸੁਣਾਈ ਚਾਰ ਸਾਲ ਦੀ ਸਜ਼ਾ ਅੱਜ ਮੁਅੱਤਲ ਕਰ ਦਿੱਤੀ ਹੈ। ਚੌਟਾਲਾ ਨੇ ਟਰਾਇਲ ਕੋਰਟ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਜਸਟਿਸ ਯੋਗੇਸ਼ ਖ਼ੰਨਾ ਨੇ 88 ਸਾਲਾ ਸਿਆਸੀ ਆਗੂ ਨੂੰ ਜ਼ਮਾਨਤ ਦਿੰਦਿਆਂ ਕਿਹਾ ਕਿ ਸਜ਼ਾ ਦੀ ਮੁਅੱਤਲੀ ਟਰਾਇਲ ਕੋਰਟ ਵੱਲੋਂ ਲਾਏ 50 ਲੱਖ ਰੁਪਏ ਦੇ ਜੁਰਮਾਨੇ ਦੀ ਅਦਾਇਗੀ ਦੇ ਨਾਲ ਪੰਜ ਲੱਖ ਦਾ ਨਿੱਜੀ ਬੌਂਡ ਤੇ ਇੰਨੀ ਹੀ ਰਕਮ ਦੀ ਜਾਮਨੀ ਭਰਨ ’ਤੇ ਨਿਰਭਰ ਕਰੇਗੀ। ਹਾਈ ਕੋਰਟ ਨੇ ਇਸ ਗੱਲ ਦਾ ਨੋਟਿਸ ਵੀ ਲਿਆ ਕੇ ਚੌਟਾਲਾ ਡੇਢ ਸਾਲ ਦੇ ਕਰੀਬ ਪੁਲੀਸ ਹਿਰਾਸਤ ਵਿੱਚ ਵੀ ਰਹਿ ਚੁੱਕਾ ਹੈ ਅਤੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ਸੁਣਵਾਈ ਲਈ ਪੇਸ਼ ਕੀਤੇ ਜਾਣ ਵਿੱਚ ਸਮਾਂ ਲੱਗ ਸਕਦਾ ਹੈ। -ਪੀਟੀਆਈ