ਰਤਨ ਸਿੰਘ ਢਿੱਲੋਂ
ਅੰਬਾਲਾ, 11 ਜਨਵਰੀ
ਕਰੋਨਾਵਾਇਰਸ ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਪਹੁੰਚ ਗਿਆ ਹੈ। ਜੇਲ੍ਹ ਦੇ 6 ਬੰਦੀਆਂ ਨੂੰ ਕਰੋਨਾ ਹੋਣ ਕਰਕੇ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਇਹ ਸਾਰੇ ਬੰਦੀ ਨਵੇਂ ਸਨ ਅਤੇ ਜੇਲ੍ਹ ਵਿੱਚ ਆਉਣ ਸਮੇਂ ਜਦੋਂ ਇਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਪਾਜ਼ੇਟਿਵ ਨਿਕਲੇ।
ਜੇਲ੍ਹ ਸੁਪਰਡੈਂਟ ਲਖਬੀਰ ਸਿੰਘ ਬਰਾੜ ਨੇ ਦੱਸਿਆ ਕਿ ਨਿਯਮਾਂ ਦੇ ਤਹਿਤ ਸਾਰੇ ਕੈਦੀਆਂ ਦੀ ਕਰੋਨਾ ਜਾਂਚ ਕੀਤੀ ਜਾਂਦੀ ਹੈ। ਕੱਲ੍ਹ ਚਾਰ ਨਵੇਂ ਕੈਦੀਆਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਹ ਸਾਰੇ ਪਾਜ਼ੇਟਿਵ ਨਿਕਲੇ। ਅੱਜ ਜੋ ਦੋ ਨਵੇਂ ਬੰਦੀ ਆਏ ਉਹ ਵੀ ਪਾਜ਼ੇਟਿਵ ਮਿਲੇ। ਸਭ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਬਰਾੜ ਨੇ ਦੱਸਿਆ ਕਿ ਕੈਦੀਆਂ ਦੀ ਉਨ੍ਹਾਂ ਦੇ ਨੇੜਲਿਆਂ ਨਾਲ ਮੁਲਾਕਾਤ ਦਾ ਨਿਯਮ ਵੀ ਬਦਲ ਦਿੱਤਾ ਗਿਆ ਹੈ। ਹੁਣ ਕੇਵਲ ਫੋਨ ’ਤੇ ਹੀ ਗੱਲਬਾਤ ਹੋ ਸਕੇਗੀ। ਦੂਜੇ ਪਾਸੇ ਅੱਜ ਅੰਬਾਲਾ ਜ਼ਿਲ੍ਹੇ ਵਿੱਚ 385 ਕੇਸ ਪਾਜ਼ੇਟਿਵ ਆਉਣ ਨਾਲ ਕੁਲ ਐਕਟਿਵ ਮਰੀਜ਼ਾਂ ਦੀ ਸੰਖਿਆ 1808 ਤੱਕ ਪਹੁੰਚ ਗਈ ਹੈ। ਕਰੋਨਾ, ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਦੇ ਨਿਵਾਸ ਤੱਕ ਵੀ ਪਹੁੰਚ ਗਿਆ ਹੈ।ਸਿਹਤ ਵਿਭਾਗ ਨੇ ਮੰਤਰੀ ਦੇ ਨਿਵਾਸ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਸੈਂਪਲ ਲਏ ਸਨ ਜਿਨ੍ਹਾਂ ਵਿੱਚੋਂ ਵਿੱਜ ਦੇ ਪੀਏ ਸਮੇਤ 4 ਸੁਰੱਖਿਆ ਗਾਰਡ ਪਾਜ਼ੇਟਿਵ ਮਿਲੇ ਹਨ। ਅੱਜ ਕਰੋਨਾ ਨਾਲ ਅੰਬਾਲਾ ਸ਼ਹਿਰ ਦੀ 30 ਸਾਲਾ ਮਹਿਲਾ ਦੀ ਮੌਤ ਹੋ ਗਈ ਹੈ। ਉਹ ਪੀਜੀਆਈ ਚੰਡੀਗੜ੍ਹ ਵਿਚ ਭਰਤੀ ਸੀ। ਅੱਜ ਅੰਬਾਲਾ ਸ਼ਹਿਰ ਤੋਂ 198 ਮਰੀਜ਼, ਛਾਉਣੀ ਤੋਂ 113, ਚੌੜਮਸਤਪੁਰ ਤੋਂ 48, ਸ਼ਾਹਜ਼ਾਦਪੁਰ ਤੋਂ 7, ਬਰਾੜਾ ਤੋਂ 4 ਅਤੇ ਮੁਲਾਣਾ ਤੋਂ 15 ਮਰੀਜ਼ ਸਾਹਮਣੇ ਆਏ ਹਨ। ਅੱਜ ਜ਼ਿਲ੍ਹੇ ਵਿੱਚ 42 ਮਰੀਜ਼ ਡਿਸਚਾਰਜ ਵੀ ਹੋਏ ਹਨ।