ਪੱਤਰ ਪ੍ਰੇਰਕ
ਟੋਹਾਣਾ, 11 ਜੁਲਾਈ
ਨੌਵੀਂ ਵਿੱਚ ਪੜ੍ਹਦੀ ਵਿਦਿਆਰਥਣ ਨੂੰ ਅਗਵਾ ਕਰਨ ਅਤੇ ਉਸ ਨਾਲ ਜਬਰ-ਜਨਾਹ ਮਾਮਲੇ ਵਿੱਚ ਮੁਲਜ਼ਮ ਪਵਨ ਕੁਮਾਰ ਨੂੰ ਫਾਸਟ ਟਰੈਕ ਅਦਾਲਤ ਦੇ ਵਧੀਕ ਸੈਸ਼ਨ ਜੱਜ ਬਲਵੰਤ ਸਿੰਘ ਨੇ ਦੋਸ਼ੀ ਕਰਾਰ ਦਿੰਦਿਆਂ ਤਿੰਨ ਸੰਗੀਨ ਧਾਰਾਵਾਂ ਹੇਠ 20 ਸਾਲ ਕੈਦ 12 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਪੋਸਕੋ ਐਕਟ ਦੀ ਧਾਰਾ-6 ਦੇ ਅਧੀਨ 20 ਸਾਲ, ਧਾਰਾ-4 ਅਧੀਨ 20 ਸਾਲ ਤੇ ਧਾਰਾ 366ਏ ਤਹਿਤ 3 ਸਾਲ ਦੀ ਸਜ਼ਾ ਸੁਣਾਈ ਹੈ। ਤਿੰਨੇ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਪੀੜਤ ਲੜਕੀ ਆਪਣੇ ਨਾਨਾ ਕੋਲ ਰਹਿ ਕੇ ਪੜ੍ਹਾਈ ਕਰ ਰਹੀ ਸੀ ਕਿ ਅਚਾਨਕ ਗਾਇਬ ਹੋਣ ’ਤੇ 11 ਨਵੰਬਰ 2019 ਨੂੰ ਅਗਵਾ ਦਾ ਕੇਸ ਦਰਜ ਕਰਕੇ ਪੁਲੀਸ ਨੇ 29 ਨਵੰਬਰ 2019 ਨੂੰ ਉਤਰਾਖੰਡ ਤੋਂ ਇਸ ਲੜਕੀ ਨੂੰ ਬਰਾਮਦ ਕੀਤਾ ਸੀ।