ਮਹਾਂਵੀਰ ਮਿੱਤਲ
ਜੀਂਦ, 13 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਚੱਲੇ ਰਹੇ ਪ੍ਰਦਰਸ਼ਨਾਂ ਵਿੱਚ ਹਿੱਸਾ ਲਈ ਜੀਂਦ ਤੋਂ ਵੀ ਵੱਖ-ਵੱਖ ਜੱਥੇ ਰਵਾਨਾ ਹੋ ਰਹੇ ਹਨ। ਇਸੇ ਤਹਿਤ ਇੱਥੋਂ ਭਵਨ ਨਿਰਮਾਣ ਕਾਮੇ ਯੂਨੀਅਨ ਦੇ ਮੈਂਬਰ ਅਪਣੇ ਮੈਂਬਰਾਂ ਨਾਲ ਦਿੱਲੀ ਰਵਾਨਾ ਹੋਏ। ਇਸ ਜੱਥੇ ਦੀ ਅਗਵਾਈ ਪ੍ਰਧਾਨ ਕਸ਼ਮੀਰ ਸੇਲਵਾਲ, ਕਪੂਰ ਸਿੰਘ ਅਤੇ ਸੰਦੀਪ ਜਾਜਵਾਨ ਨੇ ਕੀਤੀ। ਇਸ ਦੌਰਾਨ ਮੁੱਖ ਰੂਪ ਤੋਂ ਰਾਮ ਨਿਵਾਸ ਡਾਹੋਲਾ, ਪਵਨ ਕੁਮਾਰ, ਵਿਕਰਮ ਸਿੰਘ, ਨਰਸੀ ਨੰਬਰਦਾਰ, ਸੁਰੇਸ਼ ਬਰਸੋਲਾ, ਨਜ਼ੀਰ ਅਹਿਮਦ, ਮਨੋਜ ਕੁਮਾਰ, ਵਜਿੰਦਰ ਨੀਲਮ ਅਤੇ ਨਰੇਸ਼ ਦਨੌਦਾ ਹਾਜ਼ਰ ਸਨ। ਯੂਨੀਅਨ ਆਗੂਆਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਕਾਰਨ ਕਿਸਾਨ ਨਾ ਸਿਰਫ਼ ਬਰਬਾਦ ਹੋਣਗੇ, ਸਗੋਂ ਮਜ਼ਦੂਰ ’ਤੇ ਵੀ ਮਾੜਾ ਅਸਰ ਪਵੇਗਾ। ਇਸ ਤੋਂ ਇਲਾਵਾ ਮੰਡੀ ਸਿਸਟਮ ਵੀ ਬੰਦ ਹੋ ਜਾਵੇਗਾ। ਸਰਕਾਰੀ ਖ਼ਰੀਦ ਨਾ ਹੋਣ ਕਾਰਨ ਸਰਕਾਰੀ ਡਿੱਪੂਆਂ ਤੋਂ ਮਿਲਣ ਵਾਲਾ ਅਨਾਜ ਵੀ ਹੌਲੀ-ਹੌਲੀ ਬੰਦ ਹੋ ਜਾਵੇਗਾ। ਅੱਜ ਦੇਸ਼ ਦੇ 49 ਫ਼ੀਸਦੀ ਲੋਕ ਸਰਕਾਰੀ ਕੋਟੇ ਤੋਂ ਰਾਸ਼ਨ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜ਼ਰੂਰੀ ਵਸਤੂਆਂ ਕਾਨੂੰਨ ਨਾਲ ਜਮਾਂਖੋਰੀ ਵਧੇਗੀ, ਜਿਸ ਨਾਲ ਵਪਾਰੀ ਕਿਸਾਨਾਂ ਤੋਂ ਸਸਤੇ ਭਾਅ ’ਤੇ ਅਨਾਜ, ਤੇਲ, ਪਿਆਜ਼ ਅਤੇ ਆਲੂ ਆਦਿ ਖ਼ਰੀਦ ਕੇ ਆਪਣੇ ਗੋਦਾਮ ਭਰ ਲੈਣਗੇ ਅਤੇ ਬਾਜ਼ਾਰ ਵਿੱਚ ਮਨਮਰਜ਼ੀ ਦੇ ਮਹਿੰਗੇ ਭਾਅ ਵਸੂਲ ਕਰਨਗੇ। ਇਸ ਤੋਂ ਇਲਾਵਾ ਮੋਦੀ ਸਰਕਾਰ ਬਿਜਲੀ ਸੋਧ ਬਿੱਲ-2020 ਲਿਆ ਰਹੀ ਹੈ ਤਾਂ ਕਿ ਸਰਕਾਰ ਕਿਸਾਨ, ਮਜ਼ਦੂਰ ਅਤੇ ਆਮ ਲੋਕਾਂ ਨੂੰ ਮੁਫ਼ਤ ਜਾਂ ਸਸਤੀ ਬਿਜਲੀ ਨਾ ਦੇ ਸਕੇ। ਪਰਾਲੀ ਜਲਾਉਣ ’ਤੇ ਕਿਸਾਨ ਨੂੰ ਇੱਕ ਕਰੋੜ ਰੁਪਏ ਤੱਕ ਦਾ ਜੁਰਮਾਨਾ ਅਤੇ ਪੰਜ ਸਾਲ ਤੱਕ ਦੀ ਸਜ਼ਾ ਦਾ ਨਵਾਂ ਕਾਨੂੰਨ ਬਣ ਗਿਆ ਹੈ।