ਪੱਤਰ ਪ੍ਰੇਰਕ
ਯਮੁਨਾਨਗਰ, 11 ਅਗਸਤ
ਇੱਥੇ ਅੱਜ ਯਮੁਨਾਨਗਰ ਵਿੱਚ ਕਾਂਗਰਸ ਹਾਈਕਮਾਂਡ ਦੀਆਂ ਹਦਾਇਤਾਂ ਤੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਆਜ਼ਾਦੀ ਗੌਰਵ ਯਾਤਰਾ ਕੱਢੀ। ਇੰਟਕ ਭਵਨ ਤੋਂ ਸ਼ੁਰੂ ਹੋ ਕੇ ਯਾਤਰਾ ਸ਼ਹੀਦ ਭਗਤ ਸਿੰਘ ਚੌਕ ਤੋਂ ਹੁੰਦੀ ਹੋਈ ਰੇਲਵੇ ਸਟੇਸ਼ਨ ਚੌਕ ਜਾ ਕੇ ਸਮਾਪਤ ਹੋਈ। ਇਸ ਯਾਤਰਾ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਇਨਕਲਾਬ ਜ਼ਿੰਦਾਬਾਦ ਅਤੇ ਵੰਦੇ ਮਾਤਰਮ ਦੇ ਨਾਅਰੇ ਲਗਾਉਂਦੇ ਹੋਏ ਆਜ਼ਾਦੀ ਸੰਗਰਾਮ ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕੀਤਾ । ਇਸ ਮੌਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ 14 ਅਗਸਤ ਨੂੰ ਆਜ਼ਾਦੀ ਗੌਰਵ ਯਾਤਰਾ ਸਢੋਰਾ ਵਿੱਚ ਕੱਢੀ ਜਾਵੇਗੀ। ਇਸ ਵਿੱਚ ਕਾਂਗਰਸ ਕੇਂਦਰੀ ਵਰਕਿੰਗ ਕਮੇਟੀ ਅਤੇ ਸਾਬਕਾ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਵੀ ਪਹੁੰਚ ਰਹੇ ਹਨ, ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਤਿਆਗੀ, ਸਾਬਕਾ ਉਮੀਦਵਾਰ ਨਿਰਮਲ ਚੌਹਾਨ, ਕੋਆਰਡੀਨੇਟਰ ਜ਼ਿਲ੍ਹਾ ਕਾਂਗਰਸ ਕਮੇਟੀ ਅਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਯਮੁਨਾਨਗਰ ਸ਼ਿਆਮ ਸੁੰਦਰ ਬੱਤਰਾ ਮੌਜੂਦ ਸਨ ।