ਪੱਤਰ ਪ੍ਰੇਰਕ
ਡੱਬਵਾਲੀ, 1 ਜਨਵਰੀ
ਸ਼ਹਿਰ ਦੇ ਵਾਰਡ ਸੱਤ ’ਚ ਵਾਹੀਯੋਗ ਰਕਬੇ ’ਤੇੇ ਬਿਨਾਂ ਕਿਸੇ ਮਨਜ਼ੂਰੀ ਦੇ ਗੈਰਕਾਨੂੰਨੀ ਤੌਰ ’ਤੇ ਪਲਾਟ ਕੱਟ ਕੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪ੍ਰਤੀ ਪਲਾਟ ਲੱਖਾਂ ਰੁਪਏ ਵਿੱਚ ਵਿਕ ਚੁੱਕੇ ਹਨ। ਉਕਤ ਰਕਬੇ ਦੀ ਮਾਲ ਵਿਭਾਗ ’ਚ ਰਜਿਸਟਰੀ ਹੋਣੀ ਬਾਕੀ ਹਨ। ਇਸ ਗੈਰਕਾਨੂੰਨੀ ਧੰਦੇ ਬਾਰੇ ਡੱਬਵਾਲੀ ਦੇ ਇੱਕ ਸਾਬਕਾ ਕੌਂਸਲਰ ਨੇ ਮੁੱਖ ਮੰਤਰੀ ਹਰਿਆਣਾ ਨੂੰ ਸੀ.ਐਮ. ਵਿੰਡੋ ’ਤੇ ਸ਼ਿਕਾਇਤ ਕੀਤੀ ਹੈ। ਦੋਸ਼ ਹੈ ਕਿ ਸ਼ਹਿਰ ’ਚ ਟਾਊਨ ਪਲਾਨਿੰਗ ਦੇ ਅਫ਼ਸਰਾਂ ਨਾਲ ਮਿਲੀਭੁਗਤ ਸਦਕਾ ਨਾਜਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ।
ਦੂਜੇ ਪਾਸੇ ਨਾਜਾਇਜ਼ ਕਾਲੋਨੀਆਂ ’ਤੇ ਨੱਥ ਪਾਉਣ ਲਈ ਤਾਇਨਾਤ ਟਾਊਨ ਪਲਾਨਿੰਗ ਵਿਭਾਗ ਅਤੇ ਪ੍ਰਸ਼ਾਸਨਿਕ ਤੰਤਰ ਚੁੱਪੀ ਧਾਰੀ ਬੈਠਾ ਹੈ। ਸ਼ਿਕਾਇਤਕਰਤਾ ਕੌਂਸਲਰ ਨੇ ਬਕਾਇਦਾ ਰਕਬਾ ਨੰਬਰ ਦਾ ਜ਼ਿਕਰ ਕਰਦੇ ਆਖਿਆ ਕਿ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਦੇ ਨਿਯਮਾਂ ਨੂੰ ਛਿੱਕੇ ਟੰਗ ਖੇਤੀ ਵਾਲੀ ਜ਼ਮੀਨ ਨੂੰ ਕਲੋਨੀ ’ਚ ਤਬਦੀਲ ਕੀਤਾ ਜਾ ਰਿਹਾ ਹੈ। ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਹਰਿਆਣਾ ਤੋਂ ਨਾਜਾਇਜ਼ ਕਲੋਨੀਆਂ ਕੱਟਣ ਵਾਲੇ ਭੂ ਮਾਫ਼ੀਆ ’ਤੇ ਨਕੇਲ ਕੱਸਣ ਦੀ ਮੰਗ ਕੀਤੀ ਹੈ।