ਰਤੀਆ: ਪਿੰਡ ਮਿਰਾਨਾ ਵਾਸੀ ਧਰਮਪਾਲ ਪੁੱਤਰ ਰਾਮ ਲਾਲ ਨੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸਰਕਾਰ ਵਲੋਂ ਦਿੱਤੀ ਗਈ ਗਰਾਂਟ ਸਬੰਧੀ ਪਿਛਲੇ ਕਾਫ਼ੀ ਸਮੇਂ ਤੋਂ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਤੋਂ ਆਰਟੀਆਈ ਤਹਿਤ ਮੰਗੀ ਜਾ ਰਹੀ ਜਾਣਕਾਰੀ ਨਾ ਦੇਣ ’ਤੇ ਅੱਜ ਸੀਐੱਮ ਵਿੰਡੋ ਵਿਚ ਸ਼ਿਕਾਇਤ ਭੇਜ ਕੇ ਅਧਿਕਾਰੀਆਂ ’ਤੇ ਮਿਲੀਭੁਗਤ ਦੇ ਦੋਸ਼ ਲਗਾਏ ਹਨ। ਧਰਮਪਾਲ ਨੇ ਦੱਸਿਆ ਕਿ ਉਸ ਨੇ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ ਪਿੰਡ ਦੇ ਸਰਪੰਚ ਵਲੋਂ ਫਰਵਰੀ 2016 ਤੋਂ ਮਾਰਚ 2021 ਤੱਕ ਕਰਵਾਏ ਸਾਰੇ ਵਿਕਾਸ ਕੰਮਾਂ ਤੋਂ ਇਲਾਵਾ ਪਿੰਡ ਵਿਚ ਵੱਖ ਵੱਖ ਸੋਮਿਆਂ ਤੋਂ ਆਈ ਗਰਾਂਟ ਨਾਲ ਸਬੰਧਤ ਜਾਣਕਾਰੀ ਦੀਆਂ ਸਥਾਪਿਤ ਕਾਪੀਆਂ ਦੇਣ ਦੀ ਮੰਗ ਕੀਤੀ ਸੀ ਪਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਵਲੋਂ ਉਸ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਇਸ ਸਬੰਧੀ ਹੁਣ ਉਹ ਸੀਐੱਮ ਵਿੰਡੋ ਵਿਚ ਸ਼ਿਕਾਇਤ ਦਿੱਤੀ ਗਈ ਹੈ, ਜੇ ਫਿਰ ਵੀ ਜਾਣਕਾਰੀ ਨਾ ਦਿੱਤੀ ਗਈ ਤਾਂ ਉਹ ਅਦਾਲਤ ਤੱਕ ਪਹੁੰਚ ਕਰੇਗਾ। -ਪੱਤਰ ਪ੍ਰੇਰਕ