ਅਨਿਲ ਸ਼ਰਮਾ
ਰੋਹਤਕ, 28 ਅਗਸਤ
ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਦਾ ਤਮਗਾ ਜੇਤੂ ਭਲਵਾਨ ਪੂਜਾ ਦੇ ਪਤੀ ਦੀ ਦੇਰ ਰਾਤ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ, ਜਦਕਿ ਉਸ ਦੇ ਸਾਥੀ ਭਲਵਾਨਾਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਇਲਾਜ ਲਈ ਦਿੱਲੀ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਪਹਿਲਵਾਨ ਕਥਿਤ ਤੌਰ ’ਤੇ ਨਸ਼ੇ ‘ਚ ਸਨ। ਪੁਲੀਸ ਨੇ ਅਜੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ ਅਤੇ ਇਸ ਸਬੰਧ ‘ਚ ਮਰਹੂਮ ਦੇ ਪਿਤਾ ਦੇ ਬਿਆਨਾਂ ‘ਤੇ ਸਾਥੀ ਪਹਿਲਵਾਨ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਮੁਤਾਬਕ ਕਤਲ ਦਾ ਕਾਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ। ਪੁਲੀਸ ਅਨੁਸਾਰ ਪਿੰਡ ਗੜ੍ਹੀ ਬੋਹੜ ਦਾ ਰਹਿਣ ਵਾਲਾ ਅਜੈ ਨਾਂਦਲ ਸ਼ਨਿਚਰਵਾਰ ਸ਼ਾਮ ਘਰੋਂ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿੱਚ ਗਿਆ ਸੀ। ਸ਼ਾਮ ਨੂੰ ਪਰਿਵਾਰ ਵਾਲਿਆਂ ਨੂੰ ਸੂਚਨਾ ਮਿਲੀ ਕਿ ਅਜੈ ਨੂੰ ਬੇਹੋਸ਼ੀ ਦੀ ਹਾਲਤ ‘ਚ ਦਿੱਲੀ ਬਾਈਪਾਸ ਸਥਿਤ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।