ਮਹਾਵੀਰ ਮਿੱਤਲ
ਜੀਂਦ, 3 ਅਪਰੈਲ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਬਗੈਰ ਕਿਸੇ ਭੇਦਭਾਵ ਤੋਂ ਸੂਬੇ ਦੇ ਹਰ ਇਲਾਕੇ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਅੱਜ ਜੀਂਦ ਜ਼ਿਲ੍ਹੇ ਦੀ ਸਫੀਦੋਂ ਦੀ ਪੁਰਾਣੀ ਅਨਾਜ ਮੰਡੀ ਵਿੱਚ ਰੱਖੀ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਰੀਬ 135 ਕਰੋੜ ਰੁਪਏ ਦੇ ਵੱਖ-ਵੱਖ 18 ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਹ ਯੋਜਨਾਵਾਂ ਸਿੰਜਾਈ ਵਿਭਾਗ, ਬਿਜਲੀ ਵਿਭਾਗ, ਖੇਡ ਵਿਭਾਗ, ਜਨ ਸਿਹਤ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ 74 ਕਰੋੜ, 66 ਲੱਖ ਦੇ ਉਦਘਾਟਨ ਅਤੇ 60 ਕਰੋੜ 19 ਲੱਖ ਰੁਪਏ ਦੇ ਨੀਂਹ ਪੱਥਰ ਸ਼ਾਮਲ ਹਨ। ਇਸ ਤੋਂ ਇਲਾਵਾ ਅਲੇਵਾ ਜਨ ਸਭਾ ਦੇ ਆਯੋਜਕਾਂ ਦੁਆਰਾ ਜ਼ਿਲ੍ਹਾ ਦੀਆਂ ਵੱਖ-ਵੱਖ 92 ਵਿਕਾਸ ਯੋਜਵਾਨਾਂ, ਜਿਨ੍ਹਾਂ ਦੀ ਲਾਗਤ ਕਰੀਬ 226 ਕਰੋੜ ਰੁਪਏ ਬਣਦੀ ਹੈ, ਉਨ੍ਹਾਂ ਨੂੰ ਪੂਰਾ ਕਰਵਾਉਣ ਉੱਤੇ ਮੁੱਖ ਮੰਤਰੀ ਨੇ ਆਪਣੀ ਸਹਿਮਤੀ ਵੀ ਦਿੱਤੀ।
ਮੁੱਖ ਮੰਤਰੀ ਨੇ ਸੰਬੋਧਨ ਵਿੱਚ ਕਿਹਾ ਕਿ ਵਿਕਸਤ ਅਤੇ ਭ੍ਰਿਸ਼ਟਾਚਾਰ ਮੁਕਤ ਹਰਿਆਣਾ ਦੇ ਨਿਰਮਾਣ ਲਈ ਉਹ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਲਈ ਸੂਬੇ ਵਿੱਚ ਕੋਈ ਥਾਂ ਨਹੀਂ ਹੈ ਅਤੇ ਅਜਿਹਾ ਕਰਨ ਵਾਲਿਆਂ ਨੂੰ ਕਦੀਂ ਬਖ਼ਸ਼ਿਆ ਨਹੀਂ ਜਾਵੇਗਾ। ਸੂਬੇ ਵਿੱਚ ਚੱਲ ਰਹੀ ਵੱਡੀ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 14 ਸੌ ਕਰੋੜ ਰੁਪਏ ਦੀ ਲਾਗਤ ਨਾਲ 85 ਕਿਲੋਮੀਟਰ ਲੰਬੀ ਕੁੰਡਲੀ-ਮਾਨੇਸਰ ਸੜਕ ਦਾ ਨਿਰਮਾਣ ਕਰਵਾਇਆ ਗਿਆ ਹੈ। ਨਾਲ ਹੀ ਰੇਲ ਕੋਰੀਡੋਰ ਬਣਾਇਆ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਪ੍ਰਦੇਸ਼ ਹੈ ਜਿੱਥੇ ਸੇਵਾ ਅਧਿਕਾਰ ਦਾ ਨਿਯਮ ਲਾਗੂ ਕੀਤਾ ਗਿਆ ਹੈ।
ਕਰਨਾਲ: ਮੁੱਖ ਮੰਤਰੀ ਮਨੋਹਰ ਲਾਲ ਨੇ ਐਤਵਾਰ ਨੂੰ ਜ਼ਿਲ੍ਹੇ ਵਿੱਚ ਸਮਾਰਟ ਸਿਟੀ ਦੇ ਤਹਿਤ ਕਰੀਬ 32 ਕਰੋੜ ਰੁਪਏ ਦੀ ਲਾਗਤ ਨਾਲ 5 ਵਿਕਾਸ ਕੰਮਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ 14 ਕਰੋੜ 4 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਡੀਅਮ ਦਾ ਉਦਘਾਟਨ ਅਤੇ ਫੁਸਗੜ੍ਹ ਪਿੰਡ ਵਿੱਚ 3 ਕਰੋੜ 70 ਲੱਖ ਦੀ ਲਾਗਤ ਨਾਲ ਸੜਕਾਂ ਅਤੇ ਗਲੀਆਂ ਦੇ ਉਸਾਰੀ ਕਾਰਜ ਅਤੇ 4 ਕਰੋੜ 8 ਲੱਖ ਦੀ ਲਾਗਤ ਨਾਲ ਬਣਨ ਵਾਲੇ ਤਾਉ ਦੇਵੀਲਾਲ ਚੌਕ ਤੋਂ ਮਹਾਰਣਾ ਪ੍ਰਤਾਪ ਚੌਕ ਤੱਕ ਸੜਕ ਦੇ ਪੁਨਰਨਿਰਮਾਣ ਕਾਰਜ ਤੇ ਹੋਰ ਕਾਰਜਾਂ ਦਾ ਉਦਘਾਟਨ ਕੀਤਾ।
ਚੰਡੀਗੜ੍ਹ ’ਤੇ ਹਰਿਆਣਾ ਦਾ ਹੱਕ ਹਮੇਸ਼ਾ ਰਹੇਗਾ: ਮਨੋਹਰ ਲਾਲ
ਕਰਨਾਲ (ਸਰਬਜੋਤ ਸਿੰਘ ਦੁੱਗਲ): ਮੁੱਖ ਮੰਤਰੀ ਮਨੋਹਰ ਲਾਲ ਨੇ ਐਤਵਾਰ ਨੂੰ ਉਦਘਾਟਨ ਪ੍ਰੋਗਰਾਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ ’ਤੇ ਹਰਿਆਣਾ ਦਾ ਹੱਕ ਸੀ, ਹੱਕ ਹੈ ਅਤੇ ਹਮੇਸ਼ਾ ਰਹੇਗਾ। ਉਹ ਇਸ ਮੁੱਦੇ ’ਤੇ ਮਜ਼ਬੂਤੀ ਨਾਲ ਖੜ੍ਹੇ ਹਨ ਅਤੇ ਸੂਬੇ ਦੀ ਜਨਤਾ ਵੀ ਸਾਡੇ ਨਾਲ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਬਣੇ ਹਾਲੇ ਥੋੜਾ ਸਮਾਂ ਹੀ ਹੋਇਆ ਹੈ ਪਰ ਉਨ੍ਹਾਂ ਇਹ ਵਿਵਾਦਤ ਮੁੱਦਾ ਛੇੜ ਦਿੱਤਾ ਹੈ, ਜੋ ਠੀਕ ਨਹੀਂ ਹੈ।
ਖੇਡ ਮੰਤਰੀ ਸੰਦੀਪ ਸਿੰਘ ਨੇ ਵੀ ਜਤਾਇਆ ਚੰਡੀਗੜ੍ਹ ’ਤੇ ਹੱਕ
ਪਿਹੋਵਾ (ਸਤਪਾਲ ਰਾਮਗੜ੍ਹੀਆ): ਹਰਿਆਣਾ ਦੇ ਖੇਡ ਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹੰਗਾਮੇ ਦਾ ਕੋਈ ਵੀ ਤਰਕ ਨਹੀਂ ਹੈ| ਚੰਡੀਗੜ੍ਹ ’ਤੇ ਹਰਿਆਣਾ ਦਾ ਪੂਰਾ ਅਧਿਕਾਰ ਹੈ। ਪੰਜਾਬ ਸਰਕਾਰ ਦੇ ਇਸ ਮਨਸੂਬੇ ਨੂੰ ਕਿਸੇ ਵੀ ਕੀਮਤ ’ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਖੇਡ ਮੰਤਰੀ ਪੇਂਡੂ ਦੌਰੇ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਉਨ੍ਹਾਂ ਪਿੰਡ ਭੌਰ ਸੈਦਾ, ਥਾਣਾ ਸਣੇ ਕਈ ਪਿੰਡਾਂ ਵਿੱਚ ਕਿਹਾ ਕਿ ਪੰਜਾਬ ਵਿੱਚ ਨਵੀਂ ਬਣੀ ਸਰਕਾਰ ਨੇ ਆਉਂਦਿਆਂ ਹੀ ਕਿਸਾਨਾਂ ’ਤੇ ਲਾਠੀਚਾਰਜ ਕਰਨ ਦਾ ਕੰਮ ਕੀਤਾ ਹੈ। ਜੋ ਸੱਤਾ ’ਚ ਆਉਂਦੇ ਹੀ ਕਿਸਾਨਾਂ ’ਤੇ ਲਾਠੀਆਂ ਚਲਾ ਰਹੇ ਹਨ, ਉਹ ਭਲਕੇ ਹਰਿਆਣਾ ਦੇ ਕਿਸਾਨਾਂ ਦਾ ਪਾਣੀ ਵੀ ਬੰਦ ਕਰਨ ਦੀ ਕੋਸ਼ਿਸ਼ ਕਰਨਗੇ।