ਦਵਿੰਦਰ ਸਿੰਘ
ਯਮੁਨਾਨਗਰ, 8 ਮਾਰਚ
ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਨਿਵਾਸ ਤੋਂ ਵੀਡੀਓ ਕਾਨਫਰੰਸ ਰਾਹੀਂ 122 ਸ਼ਿਸ਼ੂ ਪਾਲਣ ਕੇਂਦਰਾਂ ਵਿੱਚੋਂ 22 ਦਾ ਉੱਦਘਾਟਨ ਕੀਤਾ ਜਿਨ੍ਹਾਂ ਵਿੱਚ ਯਮੁਨਾ ਨਗਰ ਦੇ 4 ਸ਼ਿਸ਼ੂ ਪਾਲਣ ਕੇਂਦਰ ਸ਼ਾਮਿਲ ਹਨ। ਮੁੱਖ ਮੰਤਰੀ ਨੇ ਓਲੰਪਿਕ ਖਿਡਾਰੀਆਂਦੀ ਤਰਜ ’ਤੇ ਪੈਰਾ ਓਲੰਪਿਕ ਐਥਲੀਟਾਂ ਨੂੰ ਵੀ ਸਹੂਲਤਾਂ ਦੇਣ ਦਾ ਐਲਾਨ ਕੀਤਾ। ਇਨ੍ਹਾਂ ਕੇਂਦਰਾਂ ਵਿੱਚ ਬੱਚਿਆਂ ਦੀ ਹਰਿ ਹਰਿ ਯੋਜਨਾ ਦੇ ਤਹਿਤ 25 ਸਾਲਾਂ ਤੱਕ ਖਾਣ ਪੀਣ, ਰਹਿਣ ਅਤ ਸਿੱਖਿਆ ਦਾ ਸਾਰਾ ਖਰਚ ਸਰਕਾਰ ਵੱਲੋਂ ਕੀਤਾ ਜਾਵੇਗਾ ਅਤੇ ਪੜ੍ਹਾਈ ਪੂਰੀ ਕਰਨ ’ਤੇ ਐਕਸਗ੍ਰੇਸ਼ਿਆ ਸਕੀਮ ਦੇ ਤਹਿਤ ਗਰੁੱਪ ਸੀ ਅਤੇ ਡੀ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਰਾਜ ਪੱਧਰੀ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨੇ ਸਮਾਜ ਸੇਵਕਾਂ ਅਤੇ ਹੋਰ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਵਿੱਚ ਆਂਗਣਵਾੜੀ ਵਰਕਰ ਅਨੀਤਾ ਸ਼ਾਮਿਲ ਸੀ। ਸਥਾਨਕ ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਕੌਮਾਂਤਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ ਅਤੇ ਕਰਾਟੇ ਦੀ ਨੈਸ਼ਨਲ ਖਿਡਾਰੀ ਮੁਸਕਾਨ ਸਿੰਘ ਅਤੇ ਫੁਟਬਾਲ ਦੀ ਖਿਡਾਰਨ ਸਿਮਰਨ ਨੂੰ 11-11 ਹਜ਼ਾਰ ਰੁਪਏ, ਵਿਦਿਆਰਥਣ ਅਕਾਂਕਸ਼ੀ ਨੂੰ ਡਾਂਸ ਲਈ 5100 ਰੁਪਏ ਅਤੇ ਮਨੀਸ਼ਾ ਨੂੰ 2100 ਰੁਪਏ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਐੱਸਪੀ ਕਮਲਦੀਪ ਗੋਇਲ, ਵਧੀਕ ਡੀਸੀ ਰਣਜੀਤ ਕੌਰ, ਜਗਾਧਰੀ ਦੇ ਐਸਡੀਐਮ ਸੁਸ਼ੀਲ ਕੁਮਾਰ, ਬਿਲਾਸਪੁਰ ਦੇ ਐਸਡੀਐਮ ਜਸਪਾਲ ਸਿੰਘ ਗਿਲ, ਸਿਟੀ ਮੈਜਿਸਟ੍ਰੇਟ ਹਰਪ੍ਰੀਤ ਕੌਰ, ਸਿਵਲ ਸਰਜਨ ਡਾ. ਵਿਜੈ ਦਹੀਆ, ਡੀਆਈਓ ਅਰਵਿੰਦਰ ਜੋਤ ਸਿੰਘ ਵਾਲੀਆ, ਡੀਆਈਪੀਆਰਓ ਹਰਦੀਪ ਸਿੰਘ, ਐਮਸੀ ਪ੍ਰੀਤੀ ਜੌਹਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।