ਪੱਤਰ ਪ੍ਰੇਰਕ
ਰਤੀਆ, 19 ਅਪਰੈਲ
ਸੀਐੱਮ ਫਲਾਇੰਗ ਸਕੁਾਇਡ ਦੀ ਟੀਮ ਨੇ ਅੱਜ ਰਤੀਆ ਦੇ ਫਤਿਆਬਾਦ ਰੋਡ ’ਤੇ ਕਣਕ ਦੀ ਕਾਲਾਬਾਜ਼ਾਰੀ ਦੀ ਗੁਪਤ ਸ਼ਿਕਾਇਤ ਮਿਲਣ ’ਤੇ ਇਕ ਰਾਈਸ ਮਿਲ ਵਿਚ ਛਾਪਾ ਮਾਰਿਆ। ਖ਼ਬਰ ਲਿਖੇ ਜਾਣ ਤੱਕ ਸੀਐੱਮ ਫਲਾਇੰਗ ਸੁਕਾਇਡ ਦੀ ਟੀਮ ਕਾਰਵਾਈ ਕਰ ਰਹੀ ਸੀ। ਇਸ ਸਬੰਧੀ ਸੀਐੱਮ ਫਲਾਇੰਗ ਸੁਕਾਇਡ ਦੇ ਪੁਲੀਸ ਕਪਤਾਨ ਨੇ ਇੰਸਪੈਕਟਰ ਇੰਦਰ ਸਿੰਘ ਦੀ ਅਗਵਾਈ ਵਿਚ ਟੀਮ ਗਠਿਤ ਕਰਕੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਟੀਮ ਵਿਚ ਇੰਦਰ ਸਿੰਘ ਤੋਂ ਇਲਾਵਾ ਸਹਾਇਕ ਪੁਲਸ ਇੰਸਪੈਕਟਰ ਰਾਮਫਲ, ਸਾਧੂ ਰਾਮ ਅਤੇ ਹੋਰ ਕਰਮਚਾਰੀ ਵੀ ਨਿਯੁਕਤ ਕਰ ਦਿੱਤੇ। ਉਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੋਂ ਬਾਅਦ ਅੱਜ ਟੀਮ ਨੇ ਦੁਪਹਿਰ ਬਾਅਦ ਇੰਸਪੈਕਟਰ ਇੰਦਰ ਸਿੰਘ ਦੀ ਅਗਵਾਈ ਵਿਚ ਫਤਿਆਬਾਦ ਰੋਡ ਤੇ ਮੌਜੂਦ ਰਾਈਸ ਮਿਲ ਵਿਚ ਛਾਪਾ ਮਾਰਿਆ ਤਾਂ ਉਥੇ ਹਜ਼ਾਰਾਂ ਕੁਇੰਟਲ ਕਣਕ ਖੁੱਲ੍ਹੇ ਵਿਚ ਅਤੇ ਬੋਰੀਆ ਵਿਚ ਭਰੀ ਹੋਈ ਮਿਲੀ। ਟੀਮ ਨੇ ਮਿਲ ਕੇ ਗੇਟ ਬੰਦ ਕਰ ਦਿੱਤੇ, ਨਾਲ ਹੀ ਰਾਈਸ ਮਿਲ ਸੰਚਾਲਕਾਂ ਨੂੰ ਰਾਈਸ ਮਿਲ ਦੇ ਅੰਦਰ ਪਈ ਹਜ਼ਾਰਾਂ ਕੁਇੰਟਲ ਖੁੱਲ੍ਹੀ ਕਣਕ ਅਤੇ ਬੈਗ ਵਿਚ ਭਰੀ ਹੋਈ ਕਣਕ ਦਾ ਰਿਕਾਰਡ ਮੰਗਿਆ। ਮਿਲ ਸੰਚਾਲਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਕਣਕ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ। ਬਾਅਦ ਵਿਚ ਛਾਪੇ ਦੀ ਸੂਚਨਾ ਮਿਲਣ ’ਤੇ ਮਾਰਕੀਟ ਕਮੇਟੀ ਦੇ ਸਕੱਤਰ ਯਸ਼ਪਾਲ ਮਹਿਤਾ, ਸਹਾਇਕ ਸਕੱਤਰ ਨਿਸ਼ਾਂਤ ਕੁਮਾਰ, ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਕੁਲਦੀਪ ਸਿੰਘ, ਹੈਫੇਡ ਏਜੰਸੀ ਦੇ ਰਾਜੇਸ਼ ਕੁਮਾਰ ਵੀ ਮੌਕੇ ਤੇ ਪਹੁੰਚ ਗਏ। ਇਸ ਤੋਂ ਸੁਕਾਇਡ ਵਿਭਾਗ ਦੀ ਟੀਮ ਨੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਣਕ ਵੱਖ ਵੱਖ ਏਜੰਸੀਆਂ ਦੀ ਹੈ ਅਤੇ ਬਕਾਇਦਾ ਨਿਯਮ ਅਨੁਸਾਰ ਗੇਟ ਪਾਸ ਵੀ ਕੱਟੇ ਗਏ ਹਨ ਅਤੇ ਮਿਲ ਵਿਚ ਕਣਕ ਲਹਾਉਣ ਲਈ ਡਿਪਟੀ ਕਮਿਸ਼ਨਰ ਵਲੋਂ ਮੌਖਿਕ ਨਿਰਦੇਸ਼ ਵੀ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੂਰੀ ਰਿਪੋਰਟ ਤਿਆਰ ਕਰਕੇ ਉਚ ਅਧਿਕਾਰੀਆਂ ਕੋਲ ਭੇਜ ਦਿੱਤੀ ਜਾਵੇਗੀ।