ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 18 ਜੂਨ
ਸ਼ਹਿਰ ਦੇ 21 ਵਾਰਡਾਂ ਦੀ ਭਲਕੇ ਹੋਣ ਵਾਲੀ ਚੋਣ ਸਣੇ ਚੇਅਰਮੈਨ ਦੀ ਸਿੱਧੀ ਚੋਣ ਚੌਟਾਲਾ ਖਾਨਦਾਨ ਦਾ ਵਜੂਦ ਜ਼ਾਹਿਰ ਹੋਵੇਗਾ। ਸੂਬੇ ’ਚ ਸੱਤਾ ਵਿੱਚ ਭਾਗੀਦਾਰ ਜਜਪਾ ਦੇ ਕੌਮੀ ਪ੍ਰਧਾਨ ਅਜੈ ਸਿੰਘ ਚੌਟਾਲਾ ਤੇ ਇਨੈਲੋ ਦੇ ਮੁੱਖ ਆਗੂ ਅਭੈ ਸਿੰਘ ਚੌਟਾਲਾ ਦੀ ਸਾਖ਼ ਦੇ ਇਲਾਵਾ ਡੱਬਵਾਲੀ ਤੋਂ ਕਾਂਗਰਸ ਵਿਧਾਇਕ ਅਮਿਤ ਸਿਹਾਗ ਤੇ ਉਨ੍ਹਾਂ ਦੇ ਪਿਤਾ ਡਾ. ਕੇਵੀ ਸਿੰਘ ਦੀ ਸਿਆਸਤ ਦਾਅ ’ਤੇ ਲੱਗੀ ਹੋਈ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਦਿੱਤਿਆ ਦੇਵੀ ਲਾਲ ਵੱਲੋਂ ਜਜਪਾ-ਭਾਜਪਾ ਗੱਠਜੋੜ ਦੇ ਚੇਅਰਮੈਨ ਉਮੀਦਵਾਰ ਦਾ ਬਾਈਕਾਟ ਕੀਤੇ ਜਾਣ ਕਰ ਕੇ ਉਨ੍ਹਾਂ ਦਾ ਵੀ ਵੱਕਾਰ ਦਾਅ ’ਤੇ ਹੈ। ਕਈ ਕਾਂਗਰਸੀ ਕੌਂਸਲਰਾਂ ਵੱਲੋਂ ਵੱਡੇ ਦੋਸ਼ਾਂ ਕਾਰਨ ਡਾ. ਕੇਵੀ ਸਿੰਘ ਲਈ ਚੋਣ ਮੁਹਾਜ ‘ਚ ਪ੍ਰੇਸ਼ਾਨੀ ਖੜ੍ਹੀਆਂ ਹੋਈਆਂ ਹਨ। ਚੋਣਾਂ ‘ਚ ਕਾਂਗਰਸੀ ਵਿਧਾਇਕ ਅਮਿਤ ਸਿਹਾਗ ਦੇ ਰਿਪੋਰਟ ਕਾਰਡ ਦੀ ਸ਼ਨਾਖ਼ਤ ਹੋਵੇਗੀ। ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਜਜਪਾ-ਭਾਜਪਾ ਲਈ ਜਨਤਕ ਸਫ਼ਾਂ ਵਿੱਚ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਸਿਆਸੀ ਜੋੜ-ਤੋੜ ‘ਚ ਸਾਰੀਆਂ ਧਿਰਾਂ ਲਈ ਚੋਣ ਮਾਹੌਲ ਗੁੰਝਲਦਾਰ ਬਣਿਆ ਹੋਇਆ ਹੈ। ਪੁਲੀਸ ਨੇ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਗਸ਼ਤ ਵਧਾਈ ਹੋਈ ਹੈ। ਪੁਲੀਸ ਨੇ ਡੱਬਵਾਲੀ ਵਿੱਚ ਫਲੈਗ ਮਾਰਚ ਵੀ ਕੱਢਿਆ।
ਏਲਨਾਬਾਦ (ਜਗਤਾਰ ਸਮਾਲਸਰ): ਨਗਰ ਕੌਂਸਲ ਚੋਣਾਂ ਵਿੱਚ ਡੇਰਾ ਸਿਰਸਾ ਦੀ ਸੰਗਤ ਵੱਲੋਂ ਭਾਜਪਾ, ਜਜਪਾ ਅਤੇ ਹਲੋਪਾ ਦੇ ਸਾਂਝੇ ਉਮੀਦਵਾਰ ਰਾਜੇਸ਼ ਕਨਵਾੜੀਆ ਨੂੰ ਸਮਰੱਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਅੱਜ ਪਿੰਡ ਪੋਹੜਕਾ ਸਥਿਤ ਨਾਮ ਚਰਚਾ ਘਰ ਵਿੱਚ ਇੱਕਠੀ ਹੋਈ ਸੰਗਤ ਨੇ ਭਾਜਪਾ ਨੇਤਾ ਗੋਬਿੰਦ ਕਾਂਡਾ ਦੇ ਸਾਹਮਣੇ ਇਹ ਐਲਾਨ ਕੀਤਾ। ਇਸ ਮੌਕੇ ਭਾਜਪਾ ਨੇਤਾ ਗੋਬਿੰਦ ਕਾਂਡਾ ਨੇ ਡੇਰੇ ਦੀ ਸੰਗਤ ਦਾ ਧੰਨਵਾਦ ਕੀਤਾ।
ਸਥਾਨਕ ਨਗਰ ਕੌਂਸਲ ਦੀਆਂ ਅੱਜ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ। ਪੁਲੀਸ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕਰ ਕੇ ਸੁਰੱਖਿਆ ਪ੍ਰਬੰਧਾ ਦਾ ਜਾਇਜ਼ਾ ਲਿਆ ਗਿਆ। ਥਾਣਾ ਇੰਚਾਰਜ ਸੁਧੀਰ ਕੁਮਾਰ ਨੇ ਦੱਸਿਆ ਕਿ ਏਲਨਾਬਾਦ ਦੀ ਰਾਜਸਥਾਨ ਸੀਮਾ ਨਾਲ ਲੱਗਦੇ ਖੇਤਰ ਵਿੱਚ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਦੌਰਾਨ ਰਾਜਸਥਾਨ ਤੋਂ ਹਰਿਆਣਾ ਵਿੱਚ ਆਉਣ ਵਾਲੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸ਼ਹਿਰ ਦੇ 17 ਵਾਰਡਾਂ ਵਿੱਚ ਪੈਣ ਵਾਲੀਆਂ ਵੋਟਾਂ ਦੌਰਾਨ ਕੁੱਲ 25,441 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਨ੍ਹਾਂ ਵੋਟਰਾਂ ਵਿੱਚ 13,656 ਪੁਰਸ਼ ਅਤੇ 11,785 ਮਹਿਲਾ ਵੋਟਰ ਸ਼ਾਮਲ ਹਨ। ਚੇਅਰਮੈਨ ਦੇ ਅਹੁਦੇ ਲਈ ਕੁੱਲ 6 ਉਮੀਦਵਾਰ ਚੋਣ ਮੈਦਾਨ ਵਿੱਚ ਹਨ।