ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 14 ਜੁਲਾਈ
ਇਥੇ ਵਧ ਰਹੇ ਕਰੋਨਾ ਕੇਸਾਂ ਕਾਰਨ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਕੰਟੇਨਮੈਂਟ ਜ਼ੋਨਾਂ ਵਿੱਚ ਸਰਵੇ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਅੱਜ ਡਾ. ਪ੍ਰੀਆ ਕੌਸ਼ਿਕ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਸ਼ਹਿਰ ਵਿੱਚ ਬਣਾਏ ਗਏ ਕੰਟੇਨਮੈਂਟ ਜ਼ੋਨਾਂ ਦਾ ਦੌਰਾ ਕੀਤਾ ਅਤੇ ਘਰ-ਘਰ ਜਾ ਕੇ ਸਰਵੇਖਣ ਕੀਤਾ।
ਉਨ੍ਹਾਂ ਨੇ ਲੋਕਾਂ ਕੋਲੋਂ ਸਿਹਤ ਸਬੰਧੀ ਜਾਣਕਾਰੀਆਂ ਹਾਸਲ ਕੀਤੀਆਂ ਅਤੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕਰੋਨਾ ਮਹਾਮਾਰੀ ਨਾਲ ਸਬੰਧਿਤ ਕੋਈ ਲੱਛਣ ਹੋਣ ਤਾਂ ਫੌਰੀ ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ ਜਾਵੇ ਤਾਂ ਕਿ ਸਮੇਂ ਸਿਰ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਕਰੋਨਾ ਮਹਾਮਾਰੀ ਦੀ ਹਾਲੇ ਕੋਈ ਦਵਾਈ ਨਹੀਂ ਬਣੀ ਹੈ ਇਸ ਦਾ ਸਿਰਫ਼ ਇੱਕ ਹੀ ਬਚਾਅ ਹੈ ਕਿ ਅਸੀਂ ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾਈ ਰੱਖੀਏ ਅਤੇ ਆਪਣਾ ਮੂੰਹ ਢਕ ਕੇ ਰੱਖੀਏ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਮਾਰੀ ਤੋਂ ਨਾ ਡਰਨ ਅਤੇ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਣ। ਇਸ ਸਿਹਤ ਵਿਭਾਗ ਦੀ ਟੀਮ ਨੇਸਰਕਾਰ ਤੇ ਆਯੁਰਵੈਦਿਕ ਵਿਭਾਗ ਵੱਲੋਂ ਜਾਰੀ ਗਾਈਡਲਾਈਨਜ਼ ਦੀ ਪਾਲਣਾ ਕਰਨ ਦੀ ਗੱਲ ਆਖੀ।
ਯਮੁਨਾ ਨਗਰ ਵਿੱਚ ਦੋ ਨਵੇਂ ਕੇਸ ਮਿਲੇ
ਯਮੁਨਾਨਗਰ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਦੱਸਿਆ ਕਿ ਯਮੁਨਾ ਨਗਰ ਵਿੱਚ ਅੱਜ ਕਰੋਨਾ ਪਾਜ਼ੇਟਿਵ ਦੋ ਮਰੀਜ਼ ਮਿਲੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ 8 ਸਾਲ ਦੀ ਲੜਕੀ ਇਲਾਹਾਬਾਦ ਤੋਂ ਆਪਣੇ ਪਰਿਵਾਰ ਨਾਲ ਆਈ ਹੈ, ਜੋ ਰਾਜਾ ਗਾਰਡਨ ਵਿਸ਼ਨੂੰ ਨਗਰ ਦੀ ਵਾਸੀ ਹੈ ਅਤੇ ਇਸ ਦੇ ਪਰਿਵਾਰ ਦੇ ਦੋ ਮੈਂਬਰ ਪਹਿਲਾਂ ਹੀ ਕਰੋਨਾ ਪੀੜਤ ਹਨ। ਇਸ ਤੋਂ ਇਲਾਵਾ 57 ਸਾਲ ਦੀ ਔਰਤ ਜੋ ਕਿ ਪਿੰਡ ਗੋਬਿੰਦਪੁਰਾ ਦੀ ਵਾਸੀ ਹੈ। ਉਹ ਲੁਧਿਆਣਾ (ਪੰਜਾਬ) ਦੇ ਇੱਕ ਹਸਪਤਾਲ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੀ ਸੀ ਅਤੇ ਉਸ ਦਾ ਉਥੇ ਹੀ ਸੈਂਪਲ ਕਰੋਨਾ ਪਾਜ਼ੇਟਿਵ ਆਇਆ ਹੈ।
ਟੋਹਾਣਾ ਵਿੱਚ 129 ਮਰੀਜ਼ ਠੀਕ ਹੋ ਕੇ ਘਰ ਪਰਤੇ
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹਾ ਫਤਿਹਾਬਾਦ ਵਿੱਚ ਹੁਣ ਤੱਕ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 177 ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 129 ਮਰੀਜ਼ ਠੀਕ ਹੋ ਕੇ ਆਪਣੇ ਘਰ ਪਰਤ ਗਏ ਹਨ। ਇਸ ਦੇ ਨਾਲ ਹੀ ਇਕ ਕਰੋਨਾ ਪਾਜ਼ੇਟਿਵ ਬਜ਼ੁਰਗ (58), ਜੋ ਦਿਲ ਅਤੇ ਸ਼ੂਗਰ ਰੋਗਾਂ ਤੋਂ ਪੀੜਤ ਸੀ, ਦੀ ਮੌਤ ਹੋ ਚੁੱਕੀ ਹੈ। ਇਥੋਂ ਦੇ ਕਿਲਾ ਮਹੁੱਲਾ ਵਾਸੀ ਪਾਜ਼ੇਟਿਵ ਆਸ਼ਾ ਵਰਕਰ ਦੇ ਸੱਤ ਪਰਿਵਾਰਕ ਮੈਂਬਰਾਂ ਨੂੰ ਵੀ ਕੋਵਿਡ-19 ਹਸਪਤਾਲ ਫਤਿਹਾਬਾਦ ਦਾਖਲ ਕੀਤਾ ਗਿਆ ਤੇ ਉਨ੍ਹਾਂ ਦੇ ਘਰ ਨਾਲ ਲੱਗਦੇ ਘਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਐੱਸਐੱਮਓ ਡਾ. ਸਾਗੂ ਨੇ ਦੱਸਿਆ ਕਿ ਆਸ਼ਾ ਵਰਕਰ ਦੇ ਸੰਪਕਰ ਵਿੱਚ ਆਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੁਦ ਅੱਗੇ ਆ ਕੇ ਇਸ ਮਾਹਾਮਾਰੀ ਦੀ ਲੜਾਈ ਵਿੱਚ ਸਿਹਤ ਵਿਭਾਗ ਦੀ ਮਦਦ ਕਰਨ। ਡਾ. ਸਾਗੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਸਿਰਫ਼ 44 ਸਰਗਰਮ ਮਰੀਜ਼ ਹਨ।