ਨਿੱਜੀ ਪੱਤਰ ਪ੍ਰੇਰਕ
ਸਿਰਸਾ, 25 ਸਤੰਬਰ
ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਸਾਬਕਾ ਉਪ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਦੀ 109ਵੀਂ ਜੈਅੰਤੀ ਨਵ-ਸੰਕਲਪ ਦਿਵਸ ਵਜੋਂ ਮਨਾਈ। ਇਸ ਮੌਕੇ ’ਤੇ ਬਿਜਲੀ ਮੰਤਰੀ ਦੇ ਹਮਾਇਤੀ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਵੱਡੀ ਗਿਣਤੀ ’ਚ ਮੌਜੂਦ ਸਨ।
ਸਿਰਸਾ ਸਥਿਤ ਆਪਣੇ ਨਿਵਾਸ ਸਥਾਨ ’ਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਨੇ ਕਿਹਾ ਕਿ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਸਹੀ ਮਾਅਨਿਆਂ ਵਿੱਚ ਗ਼ਰੀਬਾਂ ਦੇ ਮਸੀਹਾ ਸਨ। ਉਨ੍ਹਾਂ ਨੇ ਆਪਣਾ ਪੂਰਾ ਜਨਮ ਲੋਕਾਂ ਦੀ ਸੇਵਾ ਵਿੱਚ ਲਿਆ। ਉਨ੍ਹਾਂ ਨੇ ਸਭ ਤੋਂ ਪਹਿਲਾਂ ਹਰਿਆਣਾ ਵਿੱਚ ਬੁਢਾਪਾ ਪੈਨਸ਼ਨ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਕਿ ਚੌਧਰੀ ਦੇਵੀ ਲਾਲ ਦੇ ਨਕਸ਼ੇ ਕਦਮ ’ਤੇ ਚਲਦੇ ਹੋਏ ਉਹ ਲੋਕਾਂ ਦੀ 24 ਘੰਟੇ ਸੇਵਾ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਤੇ ਸੂਬਾ ਵਿਕਾਸ ਕਾਰਜਾਂ ਵਿੱਚ ਅਸਮਾਨ ਤੱਕ ਪਹੁੰਚ ਰਿਹਾ ਹੈ।