ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 19 ਮਈ
ਪੁਲੀਸ ਵੱਲੋਂ ਅੱਜ ਸਾਰੇ ਮੈਟਰੋ ਸਟੇਸ਼ਨਾਂ ’ਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਤੇ ਸੂਹੀਏ ਕੁੱਤਿਆਂ (ਡਾਗ ਸਕੁਐਡ) ਦੀ ਟੀਮ ਅਤੇ ਸਟੇਸ਼ਨ ਮੈਨੇਜਰ ਮੈਟਰੋ ਨਾਲ ਥਾਣਾ ਪੁਰਾਣਾ ਫਰੀਦਾਬਾਦ ਮੈਟਰੋ ਸਟੇਸ਼ਨ ’ਤੇ ਚੈਕਿੰਗ ਸ਼ੁਰੂ ਕੀਤੀ। ਬੰਬ ਨਿਰੋਧਕ ਦਸਤੇ ਨੇ ਸ਼ਹਿਰ ’ਚ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਫਰੀਦਾਬਾਦ ਦੇ ਸਾਰੇ ਮੈਟਰੋ ਸਟੇਸ਼ਨਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਸੁਰੱਖਿਆ ਬਿਹਤਰ ਬਣਾਉਣ ਲਈ ਬੰਬ ਨਿਰੋਧਕ ਦਸਤੇ 24 ਘੰਟੇ ਪੁਲੀਸ ਲਾਈਨਜ਼ ਵਿੱਚ ਤਾਇਨਾਤ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਬੰਬ ਨਿਰੋਧਕ ਦਸਤਾ ਰੋਜ਼ਾਨਾ ਚੈਕਿੰਗ ਅਪਰੇਸ਼ਨ ਕਰੇਗਾ। ਇਸ ਤਹਿਤ ਸ਼ਹਿਰ ਦੀਆਂ ਸੰਵੇਦਨਸ਼ੀਲ ਤੇ ਅਹਿਮ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਪਹਿਲਾਂ ਹੀ ਨਜਿੱਠਿਆ ਜਾ ਸਕੇ। ਡੀਸੀਪੀ ਹੈੱਡਕੁਆਰਟਰ ਨਿਤੀਸ਼ ਅਗਰਵਾਲ ਵੱਲੋਂ ਪੰਜਾਬ ਖੇਤਰ ਵਿੱਚ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਸੁਰੱਖਿਆ ’ਤੇ ਨਜ਼ਰ ਰੱਖਦਿਆਂ ਦਿੱਤੇ ਦਿਸ਼ਾ-ਨਿਰਦੇਸ਼ਾਂ ’ਤੇ ਐੱਨਸੀਆਰ ਖੇਤਰ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਸ਼ਹਿਰ ’ਚ ਸੁਰੱਖਿਆ ’ਤੇ ਨਜ਼ਰ ਰੱਖਦੇ ਹੋਏ ਫਰੀਦਾਬਾਦ ਪੁਲੀਸ ਨੇ ਖੇਤਰ ਦੇ ਕਿਰਾਏਦਾਰਾਂ, ਡਰਾਈਵਰਾਂ, ਸਹਾਇਕਾਂ, ਨੌਕਰਾਣੀਆਂ ਆਦਿ ਦੀ ਪੁਸ਼ਟੀ ਕਰਨ ਜੋ ਉਨ੍ਹਾਂ ਦੇ ਖੇਤਰ ਵਿੱਚ ਰਹਿੰਦੇ ਹਨ, ਬਾਹਰਲੇ ਲੋਕਾਂ, ਅਜਨਬੀਆਂ ਤੇ ਸ਼ੱਕੀ ਵਿਅਕਤੀਆਂ ਬਾਰੇ ਪੁਲੀਸ ਨੂੰ ਸੂਚਿਤ ਕਰਨ ਦੀ ਹਦਾਇਤ ਕੀਤੀ ਹੈ।